ਮੁੰਬਈ- ਮੁੰਬਈ ਪੁਲਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਨੇਤਾ ਬਾਬਾ ਸਿੱਦੀਕੀ ਦੀ ਕਤਲ ਦੇ ਦੋਸ਼ੀਆਂ ਦੇ ਖਿਲਾਫ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ) ਦੀਆਂ ਸਖ਼ਤ ਧਾਰਾਵਾਂ ਲਾਗੂ ਕੀਤੀਆਂ ਹਨ। ਇਸ ਕਤਲਕਾਂਡ ਵਿਚ ਅਪਰਾਧ ਸ਼ਾਖਾ ਨੇ ਮੁੱਖ ਸ਼ੂਟਰ ਸ਼ਿਵ ਕੁਮਾਰ ਗੌਤਮ ਸਮੇਤ ਹੁਣ ਤੱਕ 26 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 3 ਦੀ ਭਾਲ ਜਾਰੀ ਹੈ। ਮਕੋਕਾ ਤਹਿਤ ਪੁਲਸ ਦੇ ਸਾਹਮਣੇ ਦਿੱਤੇ ਗਏ ਇਕਬਾਲੀਆ ਬਿਆਨ ਨੂੰ ਅਦਾਲਤ ਵਿਚ ਸਬੂਤ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਮਕੋਕਾ ਤਹਿਤ ਜ਼ਮਾਨਤ ਮਿਲਣੀ ਵੀ ਔਖੀ ਹੈ।ਦੱਸ ਦੇਈਏ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ 66 ਸਾਲਾ ਸਿੱਦੀਕੀ ਦੀ 12 ਅਕਤੂਬਰ ਨੂੰ ਮੁੰਬਈ ਦੇ ਬਾਂਦਰਾ ਈਸਟ ਵਿਚ ਉਨ੍ਹਾਂ ਦੇ ਪੁੱਤਰ ਅਤੇ ਵਿਧਾਇਕ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਸ਼ੱਕੀ ਮੁੱਖ ਸਾਜ਼ਿਸ਼ਕਾਰ ਸ਼ੁਭਮ ਲੋਨਕਰ ਅਤੇ ਜੀਸ਼ਾਨ ਮੁਹੰਮਦ ਅਖਤਰ ਅਜੇ ਫਰਾਰ ਹਨ। ਇਸ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਸ਼ੂਟਰ ਨੇ ਲਈ ਹੈ। ਸ਼ੂਟਰ ਨੇ ਦਾਅਵਾ ਕੀਤਾ ਸੀ ਕਿ ਬਾਬਾ ਸਿੱਦੀਕੀ ਚੰਗੇ ਇਨਸਾਨ ਨਹੀਂ ਸਨ ਅਤੇ ਉਨ੍ਹਾਂ ਦਾ ਸਬੰਧ ਭਾਰਤ ਦੇ ਮੋਸਟ ਵਾਂਟੇਡ ਅਪਰਾਧੀ ਦਾਊਦ ਇਬ੍ਰਾਹਿਮ ਨਾਲ ਸੀ। ਦੱਸ ਦੇਈਏ ਕਿ ਬਾਬਾ ਸਿੱਦੀਕੀ ਦੇ ਕਤਲ ਦੀ ਜਾਂਚ ਜਾਰੀ ਹੈ