ਮੈਲਬੌਰਨ –ਦੁਨੀਆ ਦੀ ਨੰਬਰ ਇਕ ਖਿਡਾਰਨ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਦੂਜੇ ਗੇੜ ਵਿਚ ਆਪਣਾ ਮੁਕਾਬਲਾ ਜਿੱਤ ਕੇ ਵੀਰਵਾਰ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਦੇ ਤੀਜੇ ਗੇੜ ਵਿਚ ਪੁੱਜ ਗਈ ਜਦਕਿ ਪਿਛਲੀ ਵਾਰ ਦੀ ਜੇਤੂ ਅਮਰੀਕਾ ਦੀ ਸੋਫੀਆ ਕੇਨਿਨ ਦੂਜੇ ਗੇੜ ਦਾ ਆਪਣਾ ਮੁਕਾਬਲਾ ਹਾਰ ਕੇ ਟੂਰਨਾਮੈਂਟ ‘ਚੋਂ ਬਾਹਰ ਹੋ ਗਈ। ਬਾਰਟੀ ਦਾ ਦੂਜੇ ਗੇੜ ਵਿਚ ਹਮਵਤਨ ਡਾਰੀਆ ਗਾਵਰੀਲੋਵਾ ਨਾਲ ਮੁਕਾਬਲਾ ਹੋਇਆ ਜਿੱਥੇ ਉਨ੍ਹਾਂ ਨੇ ਇਕ ਘੰਟੇ 32 ਮਿੰਟ ਤਕ ਚੱਲੇ ਮੁਕਾਬਲੇ ਵਿਚ ਗਾਵਰੀਲੋਵਾ ਨੂੰ ਲਗਾਤਾਰ ਸੈੱਟਾਂ ਵਿਚ 6-1, 7-6 ਨਾਲ ਹਰਾ ਕੇ ਤੀਜੇ ਗੇੜ ਵਿਚ ਥਾਂ ਬਣਾਈ। ਬਾਰਟੀ ਦੀਆਂ ਨਜ਼ਰਾਂ ਕ੍ਰਿਸ ਓ ਨੀਲ (1978) ਤੋਂ ਬਾਅਦ ਆਸਟ੍ਰੇਲੀਅਨ ਓਪਨ ਜਿੱਤਣ ਵਾਲੀ ਪਹਿਲੀ ਮੇਜ਼ਬਾਨ ਖਿਡਾਰੀ ਬਣਨ ‘ਤੇ ਹਨ। ਬਾਰਟੀ ਨੇ ਗਾਵਰੀਲੋਵਾ ਖ਼ਿਲਾਫ਼ ਪਹਿਲਾ ਸੈੱਟ ਆਸਾਨੀ ਨਾਲ ਆਪਣੇ ਨਾਂ ਕੀਤਾ ਜਦਕਿ ਦੂਜੇ ਸੈੱਟ ਵਿਚ ਉਨ੍ਹਾਂ ਨੂੰ ਗਾਵਰੀਲੋਵਾ ਨੇ ਚੰਗੀ ਚੁਣੌਤੀ ਦਿੱਤੀ। ਹਾਲਾਂਕਿ ਬਾਰਟੀ ਨੇ ਇਹ ਸੈੱਟ ਵੀ ਆਪਣੇ ਨਾਂ ਕੀਤਾ ਤੇ ਮੁਕਾਬਲਾ ਜਿੱਤ ਲਿਆ। ਬਾਰਟੀ ਨੇ ਮੁਕਾਬਲੇ ਵਿਚ ਸੱਤ ਏਸ ਲਾਏ ਜਦਕਿ ਗਾਵਰੀਲੋਵਾ ਨੇ ਦੋ ਏਸ ਲਾਏ। ਬਾਰਟੀ ਦਾ ਤੀਜੇ ਗੇੜ ਵਿਚ ਰੂਸ ਦੀ ਏਕਾਤਰੀਨਾ ਅਲੈਕਜਾਂਦਰਾ ਨਾਲ ਮੁਕਾਬਲਾ ਹੋਵੇਗਾ। ਮਹਿਲਾਵਾਂ ਵਿਚ ਨੰਬਰ ਚਾਰ ਕੇਨਿਨ ਦੂਜੇ ਗੇੜ ਵਿਚ ਵੱਡੇ ਉਲਟਫੇਰ ਦਾ ਸ਼ਿਕਾਰ ਬਣੀ ਤੇ ਉਨ੍ਹਾਂ ਨੂੰ ਵਿਸ਼ਵ ਰੈਂਕਿੰਗ ਵਿਚ 65ਵੇਂ ਸਥਾਨ ‘ਤੇ ਮੌਜੂਦ ਏਸਟੋਨੀਆ ਦੀ ਕਾਇਆ ਕਾਨੇਪੀ ਹੱਥੋਂ ਇਕ ਘੰਟੇ ਚਾਰ ਮਿੰਟ ਤਕ ਚੱਲੇ ਮੁਕਾਬਲੇ ਵਿਚ 3-6, 2-6 ਨਾਲ ਹਾਰ ਦਾ ਸਾਹਮਮਾ ਕਰਨਾ ਪਿਆ। ਕਾਨੇਪੀ ਦਾ ਤੀਜੇ ਗੇੜ ਵਿਚ ਕ੍ਰੋਏਸ਼ੀਆ ਦੀ ਡੋਨਾ ਵੇਕਿਕ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਦੂਜੇ ਗੇੜ ਵਿਚ ਅਰਜਨਟੀਨਾ ਦੀ ਨਾਦੀਆ ਪੋਦੋਰੋਸਕਾ ਨੂੰ ਲਗਾਤਾਰ ਸੈੱਟਾਂ ਵਿਚ 6-2, 6-2 ਨਾਲ ਮਾਤ ਦਿੱਤੀ। ਹੋਰ ਮੈਚਾਂ ਵਿਚ ਪੰਜਵਾਂ ਦਰਜਾ ਏਲੀਨਾ ਸਵਿਤੋਲੀਨਾ ਨੇ ਦੂਜੇ ਗੇੜ ਵਿਚ 16 ਸਾਲ ਦੀ ਕੋਕੋ ਗਾਫ ਨੂੰ 6-4, 6-3 ਨਾਲ ਹਰਾਇਆ।
ਗ੍ਰੀਸ ਦੇ ਸਟੇਫਾਨੋਸ ਸਿਤਸਿਪਾਸ, ਰੂਸ ਦੇ ਆਂਦਰੇ ਰੂਬਲੇਵ ਤੇ ਇਟਲੀ ਦੇ ਮਾਤੇਓ ਬੇਰੇਟੀਨੀ ਵੀਰਵਾਰ ਨੂੰ ਆਪੋ-ਆਪਣੇ ਮੁਕਾਬਲੇ ਜਿੱਤ ਕੇ ਆਸਟ੍ਰੇਲੀਅਨ ਓਪਨ ਦੇ ਤੀਜੇ ਗੇੜ ਵਿਚ ਪੁੱਜ ਗਏ। ਵਿਸ਼ਵ ਰੈਂਕਿੰਗ ਵਿਚ ਛੇਵੇਂ ਸਥਾਨ ‘ਤੇ ਮੌਜੂਦ ਸਿਤਸਿਪਾਸ ਦਾ ਦੂਜੇ ਗੇੜ ਵਿਚ ਆਸਟ੍ਰੇਲੀਆ ਦੇ ਥਾਨਾਸੀ ਕੋਕੀਨਾਕਿਸ ਨਾਲ ਮੁਕਾਬਲਾ ਹੋਇਆ। ਸਿਤਸਿਪਾਸ ਨੇ ਚਾਰ ਘੰਟੇ 32 ਮਿੰਟ ਤਕ ਚੱਲੇ ਮੁਕਾਬਲੇ ਵਿਚ ਕੋਕੀਨਾਕਿਸ ਨੂੰ 6-7, 6-4, 6-1, 6-7, 6-4 ਨਾਲ ਹਰਾਇਆ। ਸਿਤਸਿਪਾਸ ਦਾ ਤੀਜੇ ਗੇੜ ਵਿਚ ਸਵੀਡਨ ਦੇ ਮਾਈਕੇਲ ਯਮੇਰ ਨਾਲ ਮੁਕਾਬਲਾ ਹੋਵੇਗਾ। ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਰੂਬਲੇਵ ਨੇ ਬ੍ਰਾਜ਼ੀਲ ਦੇ ਥਿਏਗੋ ਮੋਂਟੇਈਰੋ ਨੂੰ ਦੋ ਘੰਟੇ ਅੱਠ ਮਿੰਟ ਤਕ ਚੱਲੇ ਮੁਕਾਬਲੇ ਵਿਚ ਲਗਾਤਾਰ ਸੈੱਟਾਂ ਵਿਚ 6-4, 6-4, 7-6 ਨਾਲ ਹਰਾਇਆ ਤੇ ਤੀਜੇ ਗੇੜ ਵਿਚ ਥਾਂ ਬਣਾਈ। ਵਿਸ਼ਵ ਦੇ 10ਵੇਂ ਨੰਬਰ ਦੇ ਖਿਡਾਰੀ ਬੇਰੇਟੀਨੀ ਨੇ ਚੈੱਕ ਗਣਰਾਜ ਦੇ ਤੋਮਾਸ ਮਚਾਕ ਨੂੰ ਦੋ ਘੰਟੇ 39 ਮਿੰਟ ਵਿਚ 6-3, 6-2, 4-6, 6-3 ਨਾਲ ਹਰਾਇਆ ਤੇ ਤੀਜੇ ਗੇੜ ਵਿਚ ਪ੍ਰਵੇਸ਼ ਕੀਤਾ। ਮਰਦ ਵਰਗ ਵਿਚ 39 ਸਾਲ ਦੇ ਫੇਲੀਸੀਆਨੋ ਲੋਪੇਜ ਨੇ ਲੋਰੇਂਜੋ ਸੋਨੇਗੋ ਨੂੰ 5-7, 3-6, 6-3, 7-5, 6-4 ਨਾਲ ਮਾਤ ਦਿੱਤੀ। ਭਾਰਤ ਦੇ ਦਿਵਿਜ ਸ਼ਰਣ ਤੇ ਅੰਕਿਤਾ ਰੈਣਾ ਆਸਟ੍ਰੇਲੀਅਨ ਓਪਨ ਮਰਦ ਤੇ ਮਹਿਲਾ ਡਬਲਜ਼ ਦੇ ਪਹਿਲੇ ਗੇੜ ਵਿਚ ਸਿੱਧੇ ਸੈੱਟਾਂ ਵਿਚ ਮਿਲੀ ਹਾਰ ਤੋਂ ਬਾਅਦ ਬਾਹਰ ਹੋ ਗਏ। ਕਿਸੇ ਗਰੈਂਡ ਸਲੈਮ ਦੇ ਮੁੱਖ ਡਰਾਅ ਵਿਚ ਥਾਂ ਬਣਾਉਣ ਵਾਲੀ ਤੀਜੀ ਭਾਰਤੀ ਮਹਿਲਾ ਅੰਕਿਤਾ ਤੇ ਰੋਮਾਨੀਆ ਦੀ ਮਿਹਾਈਲਾ ਬੁਜਾਰਨੇਕੂ ਦੀ ਜੋੜੀ ਵਾਈਲਡ ਕਾਰਡ ਹਾਸਲ ਓਲੀਵੀਆ ਗਾਡੇਕੀ ਤੇ ਬੇਲਿੰਡਾ ਵੁਲਕਾਕ ਹੱਥੋਂ ਇਕ ਘੰਟੇ 17 ਮਿੰਟ ਵਿਚ 3-6, 0-6 ਨਾਲ ਹਾਰ ਗਈ। ਮਰਦ ਡਬਲਜ਼ ਵਿਚ ਵੀ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਜਦ ਦਿਵਿਜ ਤੇ ਸਲੋਵਾਕੀਆ ਦੇ ਇਗੋਰ ਜੇਲੇਨ ਦੀ ਜੋੜੀ ਨੂੰ ਜਰਮਨੀ ਦੇ ਯਾਨਿਕ ਹਾਂਫਮੈਨ ਤੇ ਕੇਵਿਨ ਨੇ ਪਹਿਲੇ ਗੇੜ ਵਿਚ 6-1, 6-4 ਨਾਲ ਮਾਤ ਦਿੱਤੀ। ਬੋਪੰਨਾ ਮਿਕਸਡ ਡਬਲਜ਼ ਵਿਚ ਚੀਨ ਦੀ ਿਯੰਗਿਿਯੰਗ ਦੁਆਨ ਨਾਲ ਖੇਡਣਗੇ ਜਿਨ੍ਹਾਂ ਦਾ ਪਹਿਲੇ ਗੇੜ ਵਿਚ ਸਾਹਮਣਾ ਅਮਰੀਕਾ ਦੀ ਬੇਥਾਨੀ ਮਾਟੇਕ ਸੈਂਡਸ ਤੇ ਬਰਤਾਨੀਆ ਦੇ ਜੈਮੀ ਮਰੇ ਦੀ ਜੋੜੀ ਨਾਲ ਹੋਵੇਗਾ।