ਮੁੰਬਈ – ਬਾਲੀਵੁੱਡ ਅਦਾਕਾਰ ਅਤੇ ਬਿੱਗ ਬੌਸ ਦੇ ਸਾਬਕਾ ਪ੍ਰਤੀਯੋਗੀ ਅਰਮਾਨ ਕੋਹਲੀ ਦੇ ਘਰ ਉੱਤੇ ਹਾਲ ਹੀ ਵਿੱਚ ਐਨਸੀਬੀ ਨੇ ਛਾਪਾ ਮਾਰਿਆ ਸੀ। ਹੁਣ ਅਰਮਾਨ ਕੋਹਲੀ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਸੀਟੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 28 ਅਗਸਤ ਸ਼ਨੀਵਾਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਨੇ ਇੱਕ ਡਰੱਗ ਨਾਲ ਜੁੜੇ ਮਾਮਲੇ ਦੇ ਸਬੰਧ ਵਿਚ ਕਲਾਕਾਰ ਦੇ ਘਰ ਮੁੰਬਈ ਵਿਚ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਅਰਮਾਨ ਦੇ ਘਰ ਛਾਪੇਮਾਰੀ ਦੌਰਾਨ ਐਨਸੀਬੀ ਨੇ ਕੁਝ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।
ਅਰਮਾਨ ਨੂੰ ਸਾਲ 2018 ਵਿਚ ਆਬਕਾਰੀ ਵਿਭਾਗ ਨੇ 41 ਬੋਤਲਾਂ ਸਕੌਚ ਵਿਸਕੀ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਹ ਜਾਣਿਆ ਜਾਂਦਾ ਹੈ ਕਿ ਕਾਨੂੰਨ ਘਰ ਵਿਚ ਸ਼ਰਾਬ ਦੀਆਂ 12 ਬੋਤਲਾਂ ਰੱਖਣ ਦੀ ਇਜਾਜ਼ਤ ਦਿੰਦਾ ਹੈ, ਪਰ ਅਰਮਾਨ ਕੋਲ 41 ਤੋਂ ਵੱਧ ਬੋਤਲਾਂ ਸਨ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਬ੍ਰਾਂਡ ਦੀਆਂ ਸਨ।
ਅਰਮਾਨ ਕੋਹਲੀ ਦਾ ਬਾਲੀਵੁੱਡ ਕਰੀਅਰ ਹਿੱਟ ਨਹੀਂ ਹੋਇਆ ਸੀ। ਅਰਮਾਨ ਮਸ਼ਹੂਰ ਫਿਲਮਕਾਰ ਰਾਜਕੁਮਾਰ ਕੋਹਲੀ ਦਾ ਪੁੱਤਰ ਹੈ। ਉਸ ਦੇ ਪੁੱਤਰ ਨੂੰ ਪਿਤਾ ਜਿੰਨੀ ਸਫਲਤਾ ਨਹੀਂ ਮਿਲੀ। ਫਿਲਮਾਂ ਤੋਂ ਇਲਾਵਾ ਅਰਮਾਨ ਆਪਣੀ ਪ੍ਰੇਮਿਕਾ ਨੂੰ ਕੁੱਟਣ ਦੇ ਕਾਰਨ ਵੀ ਚਰਚਾ ਵਿਚ ਰਿਹਾ ਹੈ ਅਤੇ ਉਸਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।