ਨਵੀਂ ਦਿੱਲੀ – ਬੱਚਿਆਂ ਦੇ ਜਿਨਸੀ ਸ਼ੋਸ਼ਣ ਤੇ ਉਨ੍ਹਾਂ ਨਾਲ ਸਬੰਧਤ ਸਮੱਗਰੀ ਦੀ ਵੈੱਬਸਾਈਟਾਂ ’ਤੇ ਪੋਸਟਾਂ ਤੇ ਪ੍ਰਸਾਰਿਤ ਕਰਨ ਦੇ ਮਾਮਲੇ ’ਚ 83 ਲੋਕਾਂ ਦੇ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਇਸੇ ਦੇ ਤਹਿਤ ਮੰਗਲਵਾਰ ਨੂੰ ਜਾਂਚ ਏਜੰਸੀ ਨੇ 14 ਸੂਬਿਆਂ ’ਚ 76 ਟਿਕਾਣਿਆਂ ’ਤੇ ਤਲਾਸ਼ੀ ਲਈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਇਨ੍ਹਾਂ 83 ਲੋਕਾਂ ਦੇ ਖ਼ਿਲਾਫ਼ 14 ਨਵੰਬਰ ਨੂੰ 23 ਵੱਖ-ਵੱਖ ਮਾਮਲੇ ਦਰਜ ਕੀਤੇ ਸਨ। ਇਨ੍ਹਾਂ ਸਾਰੇ ਲੋਕਾਂ ਦੇ ਖ਼ਿਲਾਫ਼ ਆਨਲਾਈਨ ਬਾਲ ਜਿਨਸੀ ਅਪਰਾਧ ਤੇ ਸ਼ੋਸ਼ਣ ’ਚ ਸ਼ਾਮਲ ਰਹਿਣ ਦਾ ਦੋਸ਼ ਹੈ। ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨਾਲ ਜੁਡ਼ੇ ਟਿਕਾਣਿਆਂ ਦੀ ਤਲਾਸ਼ੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਆਂਧਰ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਪੰਜਾਬ, ਬਿਹਾਰ, ਓਡੀਸ਼ਾ, ਤਾਮਿਲਨਾਡੂ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਹਰਿਆਣਾ, ਛੱਤੀਸਗਡ਼੍ਹ, ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ’ਚ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਹਾਲੇ ਸਾਰੀਆਂ ਥਾਵਾਂ ’ਤੇ ਜਾਂਚ ਚੱਲ ਰਹੀ ਹੈ। ਸਾਰੇ 76 ਸਥਾਨਾਂ ’ਤੇ ਕੇਂਦਰੀ ਏਜੰਸੀ ਨੇ ਆਪਣੀ ਟੀਮ ਤਾਇਨਾਤ ਕਰ ਦਿੱਤੀ ਹੈ। ਪਡ਼ਤਾਲ ਖ਼ਤਮ ਹੋਣ ਤੋਂ ਬਾਅਦ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ।