Articles

ਬਾਲ ਮਜ਼ਦੂਰੀ ਦੇ ਜਾਲ ਵਿੱਚ ਫਸਿਆ ਬਚਪਨ !

ਅੱਜ ਭਾਰਤ ਵਿਚ ਬਾਲ ਮਜ਼ਦੂਰੀ ਬਹੁਤ ਵੱਡੀ ਸਮੱਸਿਆ ਹੈ।
ਲੇਖਕ: ਸੇਵਾਮੁਕਤ ਪ੍ਰਿੰਸੀਪਲ, ਐਜੂਕੇਸ਼ਨਲ ਕਾਲਮਨਿਸਟ, ਮਲੋਟ।

ਬਾਲ ਮਜ਼ਦੂਰੀ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਕੰਮ ’ਚੋਂ ਕੱਢ ਕੇ ਉਨ੍ਹਾਂ ਨੂੰ ਸਿੱਖਿਆ ਦਿਵਾਉਣ ਦੇ ਉਦੇਸ਼ ਨਾਲ ਬਾਰਾਂ ਜੂਨ ਦਾ ਦਿਨ ਹਰ ਸਾਲ ਪੂਰੇ ਸੰਸਾਰ ਵਿਚ ਬਾਲ ਮਜ਼ਦੂਰੀ ਦੇ ਵਿਰੋਧ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੁਆਤ ਸਾਲ 2002 ਵਿਚ ‘ਦਿ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ’ ਵੱਲੋਂ ਕੀਤੀ ਗਈ ਸੀ। ਪੂਰੇ ਸੰਸਾਰ ਵਿਚ ਇਸ ਦਿਨ ਨੂੰ ਮਨਾਏ ਜਾਣ ਦਾ ਮੁੱਖ ਮਕਸਦ ਬਾਲ ਮਜ਼ਦੂਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਅਨੁਸਾਰ, ਅੱਜ ਵੀ ਦੁਨੀਆ ਭਰ ਵਿੱਚ 16 ਕਰੋੜ ਤੋਂ ਵੱਧ ਬੱਚੇ ਬਾਲ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਵੱਡਾ ਹਿੱਸਾ ਖਤਰਨਾਕ ਹਾਲਤਾਂ ਵਿੱਚ ਕੰਮ ਕਰ ਰਿਹਾ ਹੈ। ਇਹ ਸਥਿਤੀ ਵਿਕਾਸ ਦੀ ਚਮਕਦਾਰ ਤਸਵੀਰ ਦੇ ਪਿੱਛੇ ਹਨੇਰੇ ਨੂੰ ਉਜਾਗਰ ਕਰਦੀ ਹੈ, ਜਿਸਨੂੰ ਅਸੀਂ ਨਜ਼ਰਅੰਦਾਜ਼ ਕਰਦੇ ਹਾਂ।

ਅੱਜ ਭਾਰਤ ਵਿਚ ਬਾਲ ਮਜ਼ਦੂਰੀ ਬਹੁਤ ਵੱਡੀ ਸਮੱਸਿਆ ਹੈ। ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਇਸ ਲਾਹਨਤ ਨੂੰ ਰੋਕਣ ਲਈ ਕਾਨੂੰਨ ਬਣਾਏ ਜਾਂਦੇ ਰਹੇ ਹਨ ਤੇ ਇਸ ਬੁਰਾਈ ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾਣ ਦੇ ਦਾਅਵੇ ਵੀ ਹੁੰਦੇ ਹਨ ਪਰ ਅੱਜ ਢਾਬਿਆਂ, ਉਦਯੋਗਿਕ ਇਕਾਈਆਂ ਅਤੇ ਹੋਰ ਅਨੇਕ ਥਾਵਾਂ ’ਤੇ ਮਜ਼ਦੂਰੀ ਕਰਦੇ ਬਾਲ ਇਨ੍ਹਾਂ ਸਰਕਾਰੀ ਦਾਅਵਿਆਂ ਦੀ ਹਵਾ ਕੱਢਦੇ ਨਜ਼ਰ ਆਉਦੇ ਹਨ। ਬਾਲ ਮਜ਼ਦੂਰੀ ਇੱਕ ਅਜਿਹਾ ਕੰਮ ਹੈ ਜੋ ਬੱਚਿਆਂ ਤੋਂ ਬਚਪਨ ਬੇਰਹਿਮੀ ਨਾਲ ਖੋਹ ਲੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਕੰਮ ਕਰਦੇ ਸਮੇਂ ਮਜਬੂਰ ਕੀਤਾ ਜਾਂਦਾ ਹੈ ਅਤੇ ਤਸੀਹੇ ਦਿੱਤੇ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਦਾ ਸਰੀਰਕ, ਮਾਨਸਿਕ ਅਤੇ ਜਿਨਸੀ ਵਿਕਾਸ ਬੁਰੀ ਤਰ੍ਹਾਂ ਰੁਕ ਜਾਂਦਾ ਹੈ। ਉਨ੍ਹਾਂ ਦੇ ਭਵਿੱਖ ਦੀਆਂ ਸਾਰੀਆਂ ਸੰਭਾਵਨਾਵਾਂ ਘੱਟਣ ਲੱਗਦੀਆਂ ਹਨ। ਦਰਅਸਲ, ਬਾਲ ਮਜ਼ਦੂਰੀ ਬੱਚਿਆਂ ਦੀ ਸਿੱਖਿਆ ਵਿੱਚ ਰੁਕਾਵਟ ਬਣਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਇਹ ਪਾਇਆ ਗਿਆ ਹੈ ਕਿ ਜੋ ਬੱਚੇ ਪੜ੍ਹਾਈ ਕਰਕੇ ਆਪਣਾ ਭਵਿੱਖ ਉਜਵਲ ਬਣਾ ਸਕਦੇ ਹਨ, ਉਨ੍ਹਾਂ ਨੂੰ ਬਾਲ ਮਜ਼ਦੂਰੀ ਦੇ ਜਾਲ ਦੁਆਰਾ ਹਨੇਰੇ ਭਵਿੱਖ ਵੱਲ ਧੱਕ ਦਿੱਤਾ ਜਾਂਦਾ ਹੈ। ਦੇਸ਼ ਵਿਚ ਬਾਲ ਮਜ਼ਦੂਰੀ ਦਾ ਅੰਕੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿਚ ਗ਼ਰੀਬ ਬੱਚੇ ਸਭ ਤੋਂ ਜ਼ਿਆਦਾ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੂੰ ਸਕੂਲੇ ਭੇਜਣ ਦੀ ਬਜਾਏ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ। ਜ਼ਿਆਦਾਤਰ ਬੱਚੇ ਆਪਣੇ ਘਰਾਂ ਦੀ ਆਰਥਿਕ ਹਾਲਤ ਅਤਿ ਦੀ ਕਮਜ਼ੋਰ ਹੋਣ ਕਾਰਨ ਜਾਂ ਮਾਪਿਆਂ ਦੇ ਸਮਾਜਿਕ ਬੁਰਾਈਆਂ ਦਾ ਸ਼ਿਕਾਰ ਹੋਣ ਕਾਰਨ ਮਜ਼ਦੂਰੀ ਕਰਨ ਲਈ ਮਜਬੂਰ ਹੁੰਦੇ ਹਨ। ਬਾਲ ਮਜ਼ਦੂਰੀ ਬੱਚਿਆਂ ਦੇ ਮਾਨਸਿਕ, ਸਰੀਰਕ, ਆਤਮਿਕ, ਬੌਧਿਕ ਅਤੇ ਸਮਾਜਿਕ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਹੈ। ਜੋ ਬੱਚੇ ਬਾਲ ਮਜ਼ਦੂਰੀ ਕਰਦੇ ਹਨ ਉਹ ਮਾਨਸਿਕ ਪੱਖੋਂ ਬਿਮਾਰ ਰਹਿੰਦੇ ਹਨ ਅਤੇ ਬਾਲ ਮਜ਼ਦੂਰੀ ਉਨ੍ਹਾਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਵਿਚ ਵੱਡੀ ਰੁਕਾਵਟ ਬਣਦੀ ਹੈ। ਬਾਲ ਮਜ਼ਦੂਰੀ ਬੱਚਿਆਂ ਨੂੰ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਤੋਂ ਵਾਂਝੇ ਕਰਦੀ ਹੈ ਜੋ ਸੰਵਿਧਾਨ ਦੇ ਵਿਰੁੱਧ ਹੈ ਅਤੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਵੀ ਹੈ।
ਭਾਰਤ ਵਿਚ 1986 ਵਿਚ ਬਾਲ ਮਜ਼ਦੂਰੀ ਵਿਰੁੱਧ ਇਕ ਐਕਟ ਪਾਸ ਕੀਤਾ ਗਿਆ ਸੀ। ਇਸ ਐਕਟ ਅਨੁਸਾਰ ਉਦਯੋਗਾਂ ਵਿਚ ਬੱਚਿਆਂ ਤੋਂ ਕੰਮ ਕਰਵਾਉਣ ਦੀ ਮਨਾਹੀ ਹੈ। ਇਸ ਮੁਤਾਬਕ 14 ਸਾਲਾਂ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਫੈਕਟਰੀ ਆਦਿ ਵਿਚ ਕੰਮ ’ਤੇ ਨਹੀਂ ਰੱਖਿਆ ਜਾ ਸਕਦਾ। ਪੰਦਰਾਂ ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕਿਸੇ ਫੈਕਟਰੀ ਵਿਚ ਉਦੋਂ ਰੱਖਿਆ ਜਾ ਸਕਦਾ ਹੈ ਜਦੋਂ ਉਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਡਾਕਟਰ ਦਾ ਫਿਟਨੈੱਸ ਪ੍ਰਮਾਣ ਪੱਤਰ ਹੋਵੇ। ਇਸ ਕਾਨੂੰਨ ਵਿਚ 14 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਹਰ ਦਿਨ ਸਾਢੇ ਚਾਰ ਘੰਟੇ ਕੰਮ ਕਰਨਾ ਤੈਅ ਕੀਤਾ ਗਿਆ ਹੈ ਅਤੇ ਰਾਤ ਸਮੇਂ ਉਨ੍ਹਾਂ ਦੇ ਕੰਮ ਕਰਨ ’ਤੇ ਰੋਕ ਲਗਾਈ ਗਈ ਹੈ ਪਰ ਅਫ਼ਸੋਸ ਕਿ ਇੰਨੇ ਸਖ਼ਤ ਕਾਨੂੰਨ ਹੋਣ ਤੋਂ ਬਾਅਦ ਵੀ ਬੱਚਿਆਂ ਕੋਲੋਂ ਹੋਟਲਾਂ, ਕਾਰਖਾਨਿਆਂ, ਦੁਕਾਨਾਂ ਆਦਿ ਵਿਚ ਦਿਨ-ਰਾਤ ਕੰਮ ਕਰਵਾ ਕੇ ਜਿੱਥੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਉੱਥੇ ਹੀ ਮਾਸੂਮ ਬੱਚਿਆਂ ਦਾ ਬਚਪਨ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਇਕ ਅੰਕੜੇ ਅਨੁਸਾਰ ਅੱਜ ਸੰਸਾਰ ਵਿਚ ਜਿੰਨੇ ਵੀ ਬਾਲ ਮਜ਼ਦੂਰ ਹਨ, ਉਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਭਾਰਤ ਵਿਚ ਹਨ। ਭਾਰਤ ਦੇ 50 ਫ਼ੀਸਦੀ ਬੱਚੇ ਆਪਣੇ ਬਚਪਨ ਦੇ ਅਧਿਕਾਰਾਂ ਤੋਂ ਵਾਂਝੇ ਹਨ।
ਬਾਲ ਮਜ਼ਦੂਰੀ ਵਿਰੁੱਧ ਕੰਮ ਕਰ ਰਹੇ ਸੰਗਠਨ ‘ਬਚਪਨ ਬਚਾਓ ਅੰਦੋਲਨ’ ਦੀ ਰਿਪੋਰਟ ਦੱਸਦੀ ਹੈ ਕਿ ਭਾਰਤ ’ਚ ਲਗਪਗ ਸੱਤ ਤੋਂ ਅੱਠ ਕਰੋੜ ਬੱਚੇ ਲਾਜ਼ਮੀ ਸਿੱਖਿਆ ਤੋਂ ਵਾਂਝੇ ਹਨ। ਇਹ ਬੱਚੇ ਗ਼ਰੀਬੀ ਦੇ ਕਾਰਨ ਸਕੂਲ ਨਹੀਂ ਜਾ ਪਾਉਂਦੇ ਅਤੇ ਇਨ੍ਹਾਂ ਵਿੱਚੋਂ ਬਹੁਤੇ ਬੱਚੇ ਬਾਅਦ ਵਿਚ ਬਾਲ ਮਜ਼ਦੂਰੀ ਕਰਨ ਲਈ ਮਜਬੂਰ ਹੁੰਦੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਮੌਜੂਦਾ ਸਮੇਂ ਦੌਰਾਨ ਭਾਰਤ ਵਿਚ 2 ਕਰੋੜ ਬਾਲ ਮਜ਼ਦੂਰ ਹਨ ਪਰ ਅਸਲ ਵਿਚ ਇਹ ਅੰਕੜਾ ਕਾਫ਼ੀ ਜ਼ਿਆਦਾ ਹੈ। ਵੇਖਿਆ ਜਾਵੇ ਤਾਂ ਬੱਚੇ ਔਖਾ ਕੰਮ ਗ਼ਰੀਬੀ ਕਾਰਨ ਕਰਦੇ ਹਨ। ਇਸ ਤੋਂ ਇਲਾਵਾ ਵਧਦੀ ਜਨਸੰਖਿਆ, ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ, ਸਿੱਖਿਆ ਦੀ ਅਣਹੋਂਦ ਤੇ ਮੌਜੂਦਾ ਕਾਨੂੰਨਾਂ ਦੀ ਠੀਕ ਤਰੀਕੇ ਨਾਲ ਪਾਲਣਾ ਨਾ ਹੋਣਾ ਵੀ ਵਧਦੀ ਬਾਲ ਮਜ਼ਦੂਰੀ ਲਈ ਜ਼ਿੰਮੇਵਾਰ ਹਨ।
ਭਾਰਤ ’ਚ ਕਈ ਥਾਵਾਂ ’ਤੇ ਆਰਥਿਕ ਤੰਗੀ ਕਾਰਨ ਮਾਪੇ ਥੋੜ੍ਹੇ ਪੈਸਿਆਂ ਬਦਲੇ ਹੀ ਆਪਣੇ ਬੱਚਿਆਂ ਨੂੰ ਅਜਿਹੇ ਠੇਕੇਦਾਰਾਂ ਦੇ ਹੱਥ ਵੇਚ ਦਿੰਦੇ ਹਨ ਜੋ ਆਪਣੀ ਸੁਵਿਧਾ ਅਨੁਸਾਰ ਉਨ੍ਹਾਂ ਨੂੰ ਹੋਟਲਾਂ, ਕੋਠੀਆਂ ਤੇ ਹੋਰ ਕਾਰਖਾਨਿਆਂ ਆਦਿ ’ਚ ਕੰਮ ’ਤੇ ਲਗਾ ਦਿੰਦੇ ਹਨ ਜਿੱਥੇ ਇਹ ਬਾਲ ਮਜ਼ਦੂਰ ਅਕਸਰ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਦੇਸ਼ ਵਿੱਚੋਂ ਬਾਲ ਮਜ਼ਦੂਰੀ ਦੇ ਇਸ ਕੋਹੜ ਨੂੰ ਖ਼ਤਮ ਕਰਨ ਲਈ ਅਜਿਹੇ ਬੱਚਿਆਂ ਦੇ ਪਰਿਵਾਰਾਂ ਨੂੰ ਗ਼ਰੀਬੀ ਦੇ ਚੱਕਰ ’ਚੋਂ ਬਾਹਰ ਕੱਢਣਾ ਤੇ ਉਨ੍ਹਾਂ ਲਈ ਸਿੱਖਿਆ ਦੇ ਢੁੱਕਵੇ ਉਪਰਾਲੇ ਕਰਨੇ ਅਤਿ ਜ਼ਰੂਰੀ ਹਨ। ਅੱਜ ਭਾਰਤ ਵਿਚ ਬਾਲ ਮਜ਼ਦੂਰੀ ਬਹੁਤ ਵੱਡੀ ਸਮੱਸਿਆ ਹੈ। ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਇਸ ਲਾਹਨਤ ਨੂੰ ਰੋਕਣ ਲਈ ਕਾਨੂੰਨ ਬਣਾਏ ਜਾਂਦੇ ਰਹੇ ਹਨ ਤੇ ਇਸ ਬੁਰਾਈ ਨੂੰ ਰੋਕਣ ਲਈ ਵੱਡੇ ਉਪਰਾਲੇ ਕੀਤੇ ਜਾਣ ਦੇ ਦਾਅਵੇ ਵੀ ਹੁੰਦੇ ਹਨ ਪਰ ਅੱਜ ਢਾਬਿਆਂ, ਉਦਯੋਗਿਕ ਇਕਾਈਆਂ ਅਤੇ ਹੋਰ ਅਨੇਕ ਥਾਵਾਂ ’ਤੇ ਮਜ਼ਦੂਰੀ ਕਰਦੇ ਬਾਲ ਇਨ੍ਹਾਂ ਸਰਕਾਰੀ ਦਾਅਵਿਆਂ ਦੀ ਹਵਾ ਕੱਢਦੇ ਨਜ਼ਰ ਆਉਦੇ ਹਨ।
ਭਾਰਤ ਸਮੇਤ ਸਾਰੇ ਦੇਸ਼ਾਂ ਵਿੱਚ ਬਾਲ ਮਜ਼ਦੂਰੀ ਗੈਰ-ਕਾਨੂੰਨੀ ਹੈ। ਭਾਰਤ ਵਿੱਚ ਬਾਲ ਮਜ਼ਦੂਰੀ ਦੀ ਸਮੱਸਿਆ ਬਹੁ-ਪੱਖੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸਿੱਖਿਆ ਇੱਕ ਮਾਧਿਅਮ ਹੋ ਸਕਦੀ ਹੈ, ਜੋ ਕਿਸੇ ਵੀ ਬੱਚੇ ਨੂੰ ਮਜ਼ਦੂਰੀ ਦੇ ਚੱਕਰ ਵਿੱਚੋਂ ਬਾਹਰ ਕੱਢ ਸਕਦੀ ਹੈ। ਸਰਵ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਬਾਲ ਮਜ਼ਦੂਰੀ ਪ੍ਰੋਜੈਕਟ ਵਰਗੇ ਸਰਕਾਰ ਦੇ ਯਤਨ ਸ਼ਲਾਘਾਯੋਗ ਹਨ, ਪਰ ਉਨ੍ਹਾਂ ਨੂੰ ਹੋਰ ਵਿਆਪਕ ਬਣਾਉਣਾ ਅਤੇ ਸਮਾਜ ਦੇ ਆਖਰੀ ਕੋਨੇ ਤੱਕ ਪਹੁੰਚਣਾ ਬਾਲ ਮਜ਼ਦੂਰੀ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਦੀ ਸੰਸਥਾ ‘ਬਚਪਨ ਬਚਾਓ ਅੰਦੋਲਨ’ ਹੁਣ ਤੱਕ ਹਜ਼ਾਰਾਂ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰ ਚੁੱਕੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਬਾਲ ਮਜ਼ਦੂਰੀ ਦੇ ਖਾਤਮੇ ਲਈ 12 ਜੂਨ ਤੋਂ ਇੱਕ ਵਿਆਪਕ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸਦਾ ਉਦੇਸ਼ ਸਾਲ 2027 ਤੱਕ ਰਾਜ ਨੂੰ ਬਾਲ ਮਜ਼ਦੂਰੀ ਮੁਕਤ ਕਰਨਾ ਹੈ। ਇਸਨੂੰ ਰਾਜ ਸਰਕਾਰ ਦਾ ਇੱਕ ਵੱਡਾ ਕਦਮ ਮੰਨਿਆ ਜਾ ਸਕਦਾ ਹੈ। ਹਾਲਾਂਕਿ, 2011 ਦੀ ਜਨਗਣਨਾ ਤੋਂ ਬਾਅਦ, ਬਾਲ ਮਜ਼ਦੂਰਾਂ ਬਾਰੇ ਕੋਈ ਨਵਾਂ ਅੰਕੜਾ ਉਪਲਬਧ ਨਹੀਂ ਹੈ, ਜੋ ਇਸ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਰੁਕਾਵਟ ਪਾ ਰਿਹਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ, ਪੰਚਾਇਤੀ ਰਾਜ ਵਿਭਾਗ ਨੂੰ ਪਿੰਡ ਪੱਧਰ ‘ਤੇ ਬਾਲ ਮਜ਼ਦੂਰਾਂ ਦੀ ਪਛਾਣ ਕਰਨ ਅਤੇ ਡੇਟਾ ਇਕੱਠਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਸਰਕਾਰ ਯੂਨੀਸੇਫ ਦੇ ਸਹਿਯੋਗ ਨਾਲ ਇੱਕ ‘ਯੋਜਨਾ ਪੁਸਤਿਕਾ’ ਤਿਆਰ ਕਰ ਰਹੀ ਹੈ, ਜਿਸ ਵਿੱਚ ਬਾਲ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਲਈ ਉਪਲਬਧ ਯੋਜਨਾਵਾਂ ਦੇ ਵੇਰਵੇ ਹੋਣਗੇ। ਸਰਕਾਰ ਡਿਵੀਜ਼ਨਲ ਪੱਧਰ ‘ਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਅਟਲ ਰਿਹਾਇਸ਼ੀ ਸਕੂਲ ਵੀ ਚਲਾ ਰਹੀ ਹੈ, ਤਾਂ ਜੋ ਮਜ਼ਦੂਰਾਂ ਦੇ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਰੋਕਿਆ ਜਾ ਸਕੇ।
ਸਮਾਜ ਅਤੇ ਸਰਕਾਰ ਨੂੰ ਬਾਲ ਮਜ਼ਦੂਰੀ ਦੀ ਇਸ ਸਮੱਸਿਆ ਵਿਰੁੱਧ ਜਨਤਕ ਜਾਗਰੂਕਤਾ ਦਾ ਸੱਦਾ ਦੇਣਾ ਚਾਹੀਦਾ ਹੈ, ਕਿਉਂਕਿ ਇਹ ਨਾ ਸਿਰਫ਼ ਬੱਚਿਆਂ ਦੀ ਭਲਾਈ ਦਾ ਮੁੱਦਾ ਹੈ, ਸਗੋਂ ਪੂਰੀ ਮਨੁੱਖਤਾ ਦਾ ਸਵਾਲ ਹੈ। ਹਰ ਬੱਚੇ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਨਮਾਨਜਨਕ ਬਚਪਨ ਮਿਲਣਾ ਚਾਹੀਦਾ ਹੈ। ਅੱਜ, ਨਿਰਪੱਖ, ਸੰਵੇਦਨਸ਼ੀਲ ਅਤੇ ਟਿਕਾਊ ਰਣਨੀਤੀਆਂ ਅਪਣਾਉਣ ਦੀ ਲੋੜ ਹੈ ਜੋ ਇੱਕ ਅਜਿਹੀ ਦੁਨੀਆ ਦੀ ਸਿਰਜਣਾ ਕਰਨ ਜਿੱਥੇ ‘ਕਿਤਾਬਾਂ, ਕੰਮ ਨਹੀਂ’ ਬੱਚਿਆਂ ਦਾ ਅਧਿਕਾਰ ਹੋਵੇ। ਕੇਵਲ ਤਦ ਹੀ ਅਸੀਂ ਨਾ ਸਿਰਫ਼ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਮੁਕਤ ਕਰ ਸਕਦੇ ਹਾਂ, ਸਗੋਂ ਦੇਸ਼ ਦੇ ਭਵਿੱਖ ਦੀ ਨੀਂਹ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ।

Related posts

ਮਿਲਾਵਟ ਇੱਕ ਨੈਤਿਕ ਸੰਕਟ ਹੈ ਜੋ ਸਰੀਰ ਨੂੰ ਹੀ ਨਹੀਂ ਸਗੋਂ ਆਤਮਾ ਨੂੰ ਵੀ ਬਿਮਾਰ ਕਰ ਰਿਹਾ ਹੈ !

admin

ਗਿਆਰਾਂ ਸਾਲ, ਗਿਆਰਾਂ ਦਿਨ ਕਾਰਗੁਜ਼ਾਰੀ ਕੀ?

admin

ਮੌਕਾ-ਮੇਲ ਮੁਤਾਬਕ ਦੋ ਮਿਸਾਲਾਂ !

admin