BollywoodArticlesIndia

ਲਤਾ ਮੰਗੇਸ਼ਕਰ ਦਾ ਕ੍ਰਿਕਟ ਨਾਲ ਕਿਉਂ ਸੀ ਪ੍ਰੇਮ ਤੇ ਸਾਰੀ ਉਮਰ ਕੁਆਰੀ ਕਿਉਂ ਰਹੀ ?

ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਸੰਗੀਤ ਦੇ ਨਾਲ-ਨਾਲ ਕ੍ਰਿਕਟ ਪ੍ਰਤੀ ਵੀ ਬਹੁਤ ਜਨੂੰਨੀ ਸੀ।

ਹਿੰਦੀ ਗੀਤਾਂ ਦੀ ਅਮਰ ਗਾਇਕਾ ਲਤਾ ਮੰਗੇਸ਼ਕਰ ਭਾਰਤੀ ਸਿਨੇਮਾ ਦੀ ਇੱਕ ਮਸ਼ਹੂਰ ਗਾਇਕਾ ਰਹੀ ਹੈ ਜਿਸਦੀ ਆਵਾਜ਼ ਇੰਨੀ ਸੁਰੀਲੀ ਸੀ ਕਿ ਇਹ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਗੂੰਜਦੀ ਹੈ ਅਤੇ ਹਮੇਸ਼ਾਂ ਸਰੋਤਿਆਂ ਦੇ ਦਿਲਾਂ ਨੂੰ ਟੁੰਬਦੀ ਰਹੇਗੀ।

ਭਾਰਤ ਦੇ ਮਸ਼ਹੂਰ ਸੂਬੇ ਮੱਧ ਪ੍ਰਦੇਸ਼ ਦੀ ਰਾਜਧਾਨੀ ਇੰਦੌਰ ਦੇ ਵਿੱਚ 28 ਫਰਵਰੀ 1929 ਨੂੰ ਜਨਮੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 6 ਫਰਵਰੀ 2022 ਵਿੱਚ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਜਿਵੇਂ ਕਿ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਲਤਾ ਮੰਗੇਸ਼ਕਰ ਨੇ ਕਦੇ ਵਿਆਹ ਨਹੀਂ ਕਰਵਾਇਆ ਸੀ। ਪਰ ਸ਼ਾਇਦ ਤੁਹਾਨੂੰ ਇਸਦੀ ਜਾਣਕਾਰੀ ਨਾ ਹੋਵੇ ਕਿ ਲਤਾ ਮੰਗੇਸ਼ਕਰ ਇੱਕ ਵਾਰ ਕਿਸੇ ਨੂੰ ਪਹਿਲੀ ਨਜ਼ਰ ਵਿੱਚ ਹੀ ਦਿਲ ਦੇ ਬੈਠੀ ਸੀ ਅਤੇ ਕਿਸੇ ਨਾਲ ਪਿਆਰ ਵਿੱਚ ਇੰਨੀ ਪਾਗਲ ਹੋ ਗਈ ਕਿ ਉਸਦੀ ਖ਼ਾਤਰ ਸਾਰੀ ਉਮਰ ਕੁਆਰੀ ਰਹਿਣ ਦਾ ਫੈਸਲਾ ਕਰ ਬੈਠੀ।

ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਸੰਗੀਤ ਦੇ ਨਾਲ-ਨਾਲ ਕ੍ਰਿਕਟ ਪ੍ਰਤੀ ਵੀ ਬਹੁਤ ਜਨੂੰਨੀ ਸੀ। ਪਰ ਜਿਸਨੇ ਕ੍ਰਿਕਟ ਵਿੱਚ ਉਸਦੀ ਦਿਲਚਸਪੀ ਜਗਾਈ ਉਹ ਕੋਈ ਹੋਰ ਨਹੀਂ ਸਗੋਂ ਰਾਜ ਸਿੰਘ ਡੂੰਗਰਪੁਰ ਸੀ। ਉਹ ਲਤਾ ਮੰਗੇਸ਼ਕਰ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਸ ਨਾਲ ਵਿਆਹ ਕਰਨ ਲਈ ਆਪਣੇ ਪ੍ਰੀਵਾਰ ਨਾਲ ਵੀ ਲੜਿਆ ਸੀ। ਇਥੇ ਅਸੀਂ ਤੁਹਾਨੂੰ ਲਤਾ ਮੰਗੇਸ਼ਕਰ ਅਤੇ ਰਾਜ ਸਿੰਘ ਡੂੰਗਰਪੁਰ ਦੀ ਪ੍ਰੇਮ ਕਹਾਣੀ ਦਾ ਵਿਸਥਾਰ ਦੇ ਵਿੱਚ ਜਿਕਰ ਕਰਨ ਜਾ ਰਹੇ ਹਾਂ।

ਰਾਜ ਸਿੰਘ ਦਾ ਜਨਮ ਡੂੰਗਰਪੁਰ ਦੇ ਮਹਾਰਾਜਾ ਮਹਾਰਾਵਲ ਲਕਸ਼ਮਣ ਸਿੰਘ ਦੇ ਘਰ ਹੋਇਆ ਸੀ। ਉਹ ਇੱਕ ਰਾਜਪੂਤ ਪ੍ਰੀਵਾਰ ਦੇ ਨਾਲ ਸਬੰਧਤ ਸੀ। ਉਹ ਰਾਜਾ ਮਹਾਰਾਵਲ ਲਕਸ਼ਮਣ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ। ਉਸਨੂੰ ਛੋਟੀ ਉਮਰ ਤੋਂ ਹੀ ਕ੍ਰਿਕਟ ਪ੍ਰਤੀ ਡੂੰਘਾ ਜਨੂੰਨ ਸੀ ਅਤੇ ਉਸ ਨੇ ਕ੍ਰਿਕਟ ਕਗਤ ਦੇ ਵਿੱਚ ਖੂਬ ਨਾਮਣਾ ਖੱਟਿਆ। ਉਸਨੇ 1955 ਅਤੇ 1971 ਦੇ ਵਿਚਕਾਰ ਰਾਜਸਥਾਨ ਲਈ ਰਣਜੀ ਟਰਾਫੀ ਅਤੇ ਦਲੀਪ ਟਰਾਫੀ ਖੇਡੀ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਉਸਨੇ ਭਾਰਤੀ ਟੀਮ ਦਾ ਪ੍ਰਬੰਧਨ ਵੀ ਕੀਤਾ ਅਤੇ 1990 ਵਿੱਚ ਅਧਿਕਾਰਤ ਤੌਰ ‘ਤੇ ਬੀਸੀਸੀਆਈ ਦਾ ਪ੍ਰਧਾਨ ਵੀ ਬਣਿਆ।

ਇੱਕ ਰਿਪੋਰਟ ਦੇ ਅਨੁਸਾਰ ਲਤਾ ਮੰਗੇਸ਼ਕਰ ਅਤੇ ਰਾਜ ਸਿੰਘ ਵਿਚਕਾਰ ਪਹਿਲੀ ਮੁਲਾਕਾਤ ਕਾਫ਼ੀ ਦਿਲਚਸਪ ਹੈ। ਦਰਅਸਲ, ਲਤਾ ਮੰਗੇਸ਼ਕਰ ਦੇ ਭਰਾ ਹਿਰਦੈਨਾਥ ਮੰਗੇਸ਼ਕਰ ਨੇ ਮੁਲਾਕਾਤ ਦਾ ਪ੍ਰਬੰਧ ਕੀਤਾ ਸੀ। ਹਿਰਦੈਨਾਥ ਮੰਗੇਸ਼ਕਰ ਰਾਜ ਸਿੰਘ ਦੇ ਬਹੁਤ ਚੰਗੇ ਦੋਸਤ ਸਨ। ਲਤਾ ਮੰਗੇਸ਼ਕਰ ਅਤੇ ਰਾਜ ਸਿੰਘ ਨੂੰ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਅਤੇ ਇੱਕ-ਦੂਜੇ ਨੂੰ ਦਿਲ ਦੇ ਬੈਠੇ ਸਨ। ਲਤਾ ਮੰਗੇਸ਼ਕਰ ਨਾਲ ਆਪਣੇ ਪਿਆਰ ਵਿੱਚ ਰਾਜ ਸਿੰਘ ਨੇ ਲਤਾ ਮੰਗੇਸ਼ਕਰ ਨੂੰ ਭਾਰਤ ਵਿੱਚ ਸਾਰੇ ਲਾਈਵ ਕ੍ਰਿਕਟ ਮੈਚਾਂ ਲਈ ਮੁਫਤ ਟਿਕਟਾਂ ਵੀ ਦਿਵਾਈਆਂ। ਦੋਵਾਂ ਨੇ ਬਹੁਤ ਸਮਾਂ ਇਕੱਠੇ ਬਿਤਾਇਆ ਅਤੇ ਇੱਕ ਦੂਜੇ ਦੇ ਜੀਵਨ ਸਾਥੀ ਵੀ ਬਣਨਾ ਚਾਹੁੰਦੇ ਸਨ। ਜਦੋਂ ਇਹ ਖ਼ਬਰ ਰਾਜ ਸਿੰਘ ਦੇ ਦੇ ਪਿਤਾ ਮਹਾਰਾਜਾ ਮਹਾਰਾਵਲ ਲਕਸ਼ਮਣ ਸਿੰਘ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਇਸਦਾ ਵਿਰੋਧ ਕੀਤਾ। ਲਤਾ ਮੰਗੇਸ਼ਕਰ ਦੇ ਪ੍ਰੀਵਾਰ ਨੇ ਵੀ ਇਸਦਾ ਵਿਰੋਧ ਕੀਤਾ। ਰਾਜ ਸਿੰਘ ਇੱਕ ਰਾਜਪੂਤ ਪ੍ਰੀਵਾਰ ਤੋਂ ਸੀ ਜਦੋਂ ਕਿ ਲਤਾ ਮੰਗੇਸ਼ਕਰ ਇੱਕ ਮਰਾਠੀ ਪਰਿਵਾਰ ਤੋਂ ਸੀ। ਨਤੀਜੇ ਵਜੋਂ ਰਾਜ ਸਿੰਘ ਦੇ ਮਾਪੇ ਚਾਹੁੰਦੇ ਸਨ ਕਿ ਉਹ ਇੱਕ ਰਾਜਕੁਮਾਰੀ ਨਾਲ ਵਿਆਹ ਕਰੇ ਜਦੋਂ ਕਿ ਲਤਾ ਮੰਗੇਸ਼ਕਰ ਦੇ ਮਾਪੇ ਚਾਹੁੰਦੇ ਸਨ ਕਿ ਉਹ ਇੱਕ ਮਰਾਠੀ ਮੁੰਡੇ ਨਾਲ ਵਿਆਹ ਕਰੇ। ਪਰ ਅਜਿਹਾ ਨਹੀਂ ਹੋਇਆ ਅਤੇ ਉਹ ਆਪਣੀ ਪੂਰੀ ਜ਼ਿੰਦਗੀ ਇੱਕ ਦੂਜੇ ਨੂੰ ਪਿਆਰ ਕਰਦੇ ਰਹੇ ਅਤੇ ਕਦੇ ਵੀ ਵਿਆਹ ਨਾ ਕਰਨ ਦਾ ਫੈਸਲਾ ਕੀਤਾ।

ਸੁਰਾਂ ਦੀ ਮਲਿਕਾ ਲਤਾ ਨੇ ਰਾਜ ਸਿੰਘ ਬਾਰੇ ਜਨਤਕ ਤੌਰ ‘ਤੇ ਗੱਲ ਨਹੀਂ ਕੀਤੀਬ ਅਤੇ ਕਦੇ ਵੀ ਆਪਣੇ ਰਿਸ਼ਤੇ ‘ਤੇ ਟਿੱਪਣੀ ਨਹੀਂ ਕੀਤੀ। ਹਾਲਾਂਕਿ 2004 ਵਿੱਚ ਇੱਕ ਮੀਡੀਆ ਇੰਟਰਵਿਊ ਵਿੱਚ ਰਾਜ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਵਿਆਹ ਕਿਉਂ ਨਹੀਂ ਕੀਤਾ। ਇਸ ਸਬੰਧੀ ਬੋਲਦੇ ਹੋਏ ਰਾਜ ਸਿੰਘ ਨੇ ਕਿਹਾ ਕਿ, “ਇਹ ਇੱਕ ਬਹੁਤ ਹੀ ਨਿੱਜੀ ਮਾਮਲਾ ਹੈ। ਅਸੀਂ ਦੋਵੇਂ ਬਹੁਤ ਵੱਖੋ-ਵੱਖਰੇ ਪਿਛੋਕੜਾਂ ਤੋਂ ਆਉਂਦੇ ਹਾਂ ਅਤੇ 60 ਦਾ ਦਹਾਕਾ ਬਹੁਤ ਵੱਖਰਾ ਸੀ। ਅਸੀਂ ਦੋਵੇਂ ਆਪਣੇ ਪ੍ਰੀਵਾਰਾਂ ਨਾਲ ਬਹੁਤ ਜੁੜੇ ਹੋਏ ਸੀ ਅਤੇ ਇਹ ਕੁੱਝ ਅਜਿਹਾ ਸੀ ਜੋ ਸ਼ਾਇਦ ਹੋਣਾ ਕਿਸਮਤ ਵਿੱਚ ਨਹੀਂ ਸੀ। ਉਸ ਤੋਂ ਬਾਅਦ ਨਾ ਤਾਂ ਸਾਡਾ ਰਿਸ਼ਤਾ ਅੱਗੇ ਵਧਿਆ ਅਤੇ ਨਾ ਹੀ ਸਾਡਾ ਪਿਆਰ ਘਟਿਆ। ਮੈਂ ਅਜੇ ਵੀ ਉਨ੍ਹਾਂ ਨਾਲ ਜੁੜਿਆ ਹੋਇਆ ਹਾਂ ਅਤੇ ਲਗਾਤਾਰ ਸੰਪਰਕ ਵਿੱਚ ਹਾਂ।”

ਡੂੰਗਰਪੁਰ ਦੇ ਰਾਜਕੁਮਾਰ ਰਾਜ ਸਿੰਘ ਦਾ ਅਲਜ਼ਾਈਮਰ ਬਿਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ 73 ਸਾਲ ਦੀ ਉਮਰ ਵਿੱਚ 12 ਨਵੰਬਰ 2009 ਨੂੰ ਦੇਹਾਂਤ ਹੋ ਗਿਆ। ਰਾਜ ਸਿੰਘ ਅਤੇ ਲਤਾ ਮੰਗੇਸ਼ਕਰ ਦੀ ਪ੍ਰੇਮ ਕਹਾਣੀ ਨੂੰ ਅੱਜ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।

Related posts

India’s Republic Day: Leader of Opposition

admin

ਖਾਲਿਸਤਾਨ ਅਤੇ ਹਿੰਦੂ ਰਾਸ਼ਟਰਵਾਦ ਬਰਤਾਨੀਆ ਲਈ ਖ਼ਤਰਾ !

admin

Julia Morris Opens Up About Shingles to Spotlight Australia’s ‘Hidden Health Baggage’

admin