
ਛੋਟੇ ਬੱਚਿਆਂ ਦਾ ਹਿਰਦਾ ਬਹੁਤ ਕੋਮਲ ਹੁੰਦਾ ਹੈ। ਨੰਨ੍ਹੇ ਮੁੰਨੇ ਬੱਚਿਆਂ ਦੇ ਮਨ ਫੁੱਲਾਂ ਵਾਂਗ ਕੋਮਲ ਤੇ ਪਿਆਰੇ ਹੁੰਦੇ ਹਨ। ਬਾਲ ਅਵਸਥਾ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਬੱਚੇ ਦੀ ਮਾਨਸਿਕਤਾ ਹਾਲੇ ਪੂਰੀ ਤਰ੍ਹਾਂ ਮਜ਼ਬੂਤ ਨਹੀਂ ਹੋਈ ਹੁੰਦੀ, ਉਸਦੀ ਚੇਤਨਤਾ ਹਾਲੇ ਬਣ ਰਹੀ ਹੁੰਦੀ ਹੈ ਅਤੇ ਫਿਰ ਉਸਦਾ ਵਿਕਾਸ ਹੋਵੇਗਾ। ਬੱਚਿਆਂ ਵਿੱਚ ਕਿਸੇ ਵੀ ਆਦਤ ਨੂੰ ਗ੍ਰਿਹਣ ਕਰਨ ਦੀ ਸ਼ਮਤਾ ਵਿਕਸਿਤ ਮਨੁੱਖ ਦੇ ਮੁਕਾਬਲੇ ਜਿਆਦਾ ਹੁੰਦੀ ਹੈ। ਉਸਦੀ ਚੀਜ਼ਾਂ ਨੂੰ ਵਰਤਣ ਪ੍ਰਤੀ ਖਿੱਚ, ਜਿਸ ਕੰਮ ਤੋਂ ਰੋਕਿਆ ਜਾਣਾ…. ਉਸੇ ਕੰਮ ਨੂੰ ਕਰਨ ਪ੍ਰਤੀ ਉਤਸੁਕਤਾ ਕਈ ਗੁਣਾ ਤੀਬਰ ਹੁੰਦੀ ਹੈ।
ਮਾਪਿਆਂ ਲਈ ਉਹਨਾਂ ਦੇ ਬੱਚਿਆਂ ਦਾ ਬਚਪਨ ਸਭ ਤੋਂ ਵੱਡੀ ਜਿੰਮੇਵਾਰੀ ਹੁੰਦੀ ਹੈ। ਇਸ ਵਿੱਚ ਘਰ ਦਾ ਮਾਹੌਲ, ਪਰਿਵਾਰ ਦੇ ਜੀਆਂ ਦਾ ਵਿਵਹਾਰ, ਮਾਪਿਆਂ ਦੀਆਂ ਰੁਚੀਆਂ, ਮਾਪਿਆਂ ਦੀਆਂ ਕ੍ਰਿਆਵਾਂ ਬਹੁਤ ਅਹਿਮ ਹੁੰਦੀਆਂ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਇਸ ਅਵਸਥਾ ਵਿੱਚ ਬੱਚੇ ਗੱਲਾਂ ਦੇ ਅਰਥ ਭਾਵੇਂ ਘੱਟ ਸਮਝਦੇ ਹਨ ਪਰ ਉਹਨਾਂ ਨੂੰ ਸਿੱਖਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਦੀ ਉਸਾਰੀ ਵਿੱਚ ਬਚਪਨ ਦੀਆਂ ਆਦਤਾਂ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਇਸ ਅਵਸਥਾ ਵਿੱਚ ਪਰਿਵਾਰ ਦੇ ਜੀਆਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਬੱਚਿਆਂ ਸਾਹਮਣੇ ਕਦੇ ਵੀ ਲੜਾਈ ਝਗੜਾ ਨਾ ਕਰਨਾ, ਗਲਤ ਸ਼ਬਦਾਵਲੀ ਦੀ ਵਰਤੋਂ ਨਾ ਕਰਨਾ, ਬੱਚਿਆਂ ਨੂੰ ਗੁਰਬਾਣੀ ਸਰਵਣ ਕਰਾਉਣੀ। ਘਰ ਪਰਿਵਾਰ ਵਿੱਚ ਸੁਚੱਜੇ ਤਰੀਕੇ ਨਾਲ ਵਿਚਰਿਆ ਜਾਵੇ, ਹਰ ਕੰਮ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇ ਤਾਂ ਜੋ ਬੱਚੇ ਦੇ ਮਨ ਦਾ ਵਿਕਾਸ ਉਸੇ ਤਰ੍ਹਾਂ ਕੀਤਾ ਜਾ ਸਕੇ। ਮੈਂ ਅਜਿਹੇ ਬਹੁਤ ਸਾਰੇ ਮਾਪੇ ਦੇਖੇ ਹਨ ਜੋ ਬਿਨਾ ਕੁਝ ਸੋਚੇ ਸਮਝੇ ਬੱਚਿਆਂ ਦੇ ਸਾਹਮਣੇ ਬਹਿਸਦੇ ਰਹਿੰਦੇ ਹਨ ਫਿਰ ਜਦੋਂ ਬੱਚੇ ਦੀ ਕੋਈ ਮੰਗ ਜਾਂ ਜਰੂਰਤ ਪੂਰੀ ਨਹੀਂ ਕੀਤੀ ਜਾਂਦੀ ਤਾਂ ਬੱਚੇ ਦੇ ਦਿਮਾਗ ਵੱਲੋਂ ਹੂਬਹੂ ਉਸੇ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ ਜਿਵੇਂ ਉਸਨੇ ਆਪਣੇ ਪਰਿਵਾਰ ਦੇ ਜੀਆਂ ਦਾ ਦੇਖਿਆ ਹੁੰਦਾ ਹੈ। ਕਈ ਘਰਾਂ ਵਿੱਚ ਗਾਲ੍ਹਾਂ ਕੱਢਣ ਦਾ ਰਿਵਾਜ਼ ਹੁੰਦਾ ਹੈ, ਜਿਸ ਦਾ ਬੱਚੇ ਦੀ ਸ਼ਖਸੀਅਤ ਉੱਪਰ ਬਹੁਤ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਬਾਲ ਅਵਸਥਾ ਵਿੱਚ ਬੱਚਾ ਬਹੁਤ ਗੰਭੀਰਤਾ ਨਾਲ ਆਪਣੇ ਆਲੇ ਦੁਆਲੇ ਹੋਣ ਵਾਲੀਆਂ ਕ੍ਰਿਆਵਾਂ ਨੂੰ ਗ੍ਰਹਿਣ ਕਰਦਾ ਹੈ। ਕਈ ਵਾਰ ਬੱਚਿਆਂ ਨੂੰ ਸਹੀ ਅਗਵਾਈ ਅਤੇ ਧਿਆਨ ਨਾ ਮਿਲਣ ਕਾਰਣ ਬੱਚੇ ਅਣਆਗਿਆਕਾਰੀ ਹੋ ਜਾਂਦੇ ਹਨ। ਅਜਿਹੇ ਵਿੱਚ ਮਾਪਿਆਂ ਨੂੰ ਬੱਚਿਆਂ ਨਾਲ ਸਿੱਝਣ ਲਈ ਸੁਹਜਤਾ ਦੀ ਵਰਤੋਂ ਕਰਨੀ ਚਾਹੀਦੀ ਹੈ, ਕਦੇ ਵੀ ਬੱਚਿਆਂ ਨੂੰ ਜਰੂਰਤ ਤੋਂ ਵੱਧ ਡਾਂਟਣਾ ਨਹੀ ਚਾਹੀਦਾ, ਅਜਿਹਾ ਕਰਨ ਨਾਲ ਕਈ ਕਮਜ਼ੋਰ ਦਿਲ ਬੱਚੇ ਮਾਪਿਆਂ ਦਾ ਅਜਿਹਾ ਭੈਅ ਦਿਲ ਵਿੱਚ ਬਿਠਾ ਲੈਂਦੇ ਹਨ ਕਿ ਉਹ ਉਮਰ ਭਰ ਆਪਣੇ ਮਾਪਿਆਂ ਨਾਲ ਖੁਲ੍ਹ ਨਹੀਂ ਪਾਉਂਦੇ ਅਤੇ ਹਮੇਸ਼ਾ ਉਹਨਾਂ ਤੋਂ ਝਿਜਕਦੇ ਰਹਿੰਦੇ ਹਨ।
ਮਾਪਿਆਂ ਨੂੰ ਬੱਚਿਆਂ ਦੇ ਸਾਹਮਣੇ ਗੁਰਬਾਣੀ, ਕਿਤਾਬਾਂ ਜਰੂਰ ਪੜ੍ਹਨੀਆਂ ਚਾਹੀਦੀ ਹੈ ਤਾਂ ਜੋ ਬੱਚਿਆਂ ਦੀ ਮਾਨਸਿਕਤਾ ਇਸ ਤਰ੍ਹਾਂ ਵਿਕਸਿਤ ਹੋਵੇ ਕਿ ਉਹਨਾਂ ਨੂੰ ਕਿਤਾਬਾਂ ਪੜ੍ਹਨਾ ਜਰੂਰੀ ਲੱਗਣ ਲੱਗੇ । ਮਾਪੇ ਬੱਚਿਆਂ ਦੇ ਸਾਮ੍ਹਣੇ ਘੱਟ ਤੋਂ ਘੱਟ ਮੋਬਾਇਲ ਦੀ ਵਰਤੋਂ ਕਰਨ। ਉਹਨਾਂ ਦਾ ਮਨ ਗੁਰਬਾਣੀ, ਕਿਤਾਬਾਂ ਤੇ ਕੁਦਰਤ ਵਿੱਚ ਲਗਾ ਕੇ ਰੱਖੋ ।
ਇਹਨਾਂ ਕੁਝ ਤਰੀਕਿਆਂ ਨਾਲ ਅਸੀਂ ਬਾਲ ਮਨਾਂ ਦੀ ਇੱਕ ਸੁਚੱਜੀ ਘਾੜਤ ਘੜ ਸਕਦੇ ਹਾਂ । ਇੱਕ ਬੱਚੇ ਦਾ ਵਿਵਹਾਰ ਵੱਡੇ ਹੋਕੇ ਕਿਵੇਂ ਦਾ ਹੋਵੇਗਾ ਇਸ ਵਿੱਚ ਉਸ ਦਾ ਬਚਪਨ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਪਰਿਵਾਰ ਦੇ ਮੈਂਬਰਾਂ ਦਾ ਵਿਵਹਾਰ ਬੱਚਿਆਂ ਦੇ ਮਨ ਦੀ ਘਾੜਤ ਵਿੱਚ ਮੂਹਰਲੇ ਵਿੱਚ ਆਉਦਾ ਹੈ ਕਿਉਂਕਿ ਬੱਚੇ ਅਸੀਂ ਕੀ ਕਹਿੰਦੇ ਹਾਂ ਨਾਲੋਂ ਅਸੀਂ ਕੀ ਕਰਦੇ ਹਾਂ ਬਾਰੇ ਵਧੇਰੇ ਜਾਨਣਾ ਚਾਹੁੰਦੇ ਹਨ। ਬੱਚਿਆਂ ਨੂੰ ਉਹਨੇ ਦੇ ਮਨ ਦੀ ਸੁਚੱਜੀ ਘਾੜਤ ਲਈ ਮਾਪਿਆਂ ਦੇ ਸਮਰਥਨ ਦੀ ਭਰਪੂਰ ਜਰੂਰਤ ਹੁੰਦੀ ਹੈ।