ਮਜੀਠਾ – ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਮਜੀਠਾ-ਫਤਿਹਗੜ੍ਹ ਰੋਡ ਜਿਸਦੀ ਮੁਰੰਮਤ ਦਾ ਨੀਂਹ ਪੱਥਰ ਪੀ ਡਬਲਿਊ ਡੀ ਮੰਤਰੀ ਸ੍ਰੀ ਹਰਭਜਨ ਸਿੰਘ ਨੇ ਪਿਛਲੇ ਸਾਲ ਨਵੰਬਰ ਵਿਚ ਰੱਖਿਆ ਸੀ, ਦੀ ਘਟੀਆ ਸਮਾਨ ਨਾਲ ਹੋ ਰਹੀ ਮੁਰੰਮਤ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ।
ਸਰਦਾਰ ਬਿਕਰਮ ਸਿੰਘ ਮਜੀਠੀਆ, ਜਿਹਨਾਂ ਨੇ ਪਿੰਡ ਰੋੜੀ ਜਿਥੇ 14 ਨਵੰਬਰ ਨੂੰ ਮੰਤਰੀ ਨੇ ਨੀਂਹ ਪੱਥਰ ਰੱਖਿਆ ਸੀ, ਦਾ ਦੌਰਾ ਕੀਤਾ, ਨੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਿਹਨਾਂ ਨੇ ਦੱਸਿਆ ਕਿ ਸੜਕ ਦਾ ਪਹਿਲਾਂ ਨਾਲੋਂ ਵੀ ਬੁਰਾ ਹਾਲ ਹੋ ਗਿਆ ਹੈ ਕਿਉਂਕਿ ਸਿਰਫ ਅੰਸ਼ਕ ਕੰਮ ਚਲ ਰਿਹਾ ਹੈ, ਸੜਕ ਥਾਂ ਥਾਂ ਤੋਂ ਪੁੱਟ ਦਿੱਤੀ ਗਈ ਹੈ ਜਿਸ ਕਾਰਨ ਹਾਦਸੇ ਵਾਪਰ ਰਹੇ ਹਨ ਅਤੇ ਹਾਲ ਹੀ ਵਿਚ ਇਕ ਮੌਤ ਵੀ ਹੋਈ ਹੈ।
ਅਕਾਲੀ ਆਗੂ ਨੇ ਕਿਹਾ ਕਿ ਜਿਥੇ ਕਿਤੇ ਵੀ ਕੰਮ ਹੋਇਆ ਹੈ, ਉਹ ਘਟੀਆ ਮੈਟੀਰੀਅਲ ਹੋਣ ਕਾਰਨ ਸੜਕ ਟੁੱਟ ਗਈ ਹੈ ਤੇ ਉਹਨਾਂ ਸਾਰੇ ਠੇਕੇ ਦੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਡੇਰਾ ਬਾਬਾ ਨਾਨਕ ਨੂੰ ਅੰਮ੍ਰਿਤਕਸਰ ਸਾਹਿਬ ਨਾਲ ਜੋੜਨ ਵਾਲੀ ਇਸ ਸੜਕ ਦਾ ਕੰਮ ਅਕਾਲੀ ਵਿਧਾਇਕਾ ਸਰਦਾਰਨੀ ਗਨੀਵ ਕੌਰ ਮਜੀਠੀਆ ਵੱਲੋਂ ਵਾਰ-ਵਾਰ ਮੁੱਦਾ ਵਿਧਾਨ ਸਭਾ ਵਿਚ ਚੁੱਕਣ ਮਗਰੋਂ ਸ਼ੁਰੂ ਹੋਇਆ, ਦੇ ਕਾਰਨ ਇਲਾਕੇ ਨੂੰ ਵੱਡੀ ਰਾਹਤ ਮਿਲਣੀ ਸੀ ਪਰ ਉਲਟਾ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ। ਉਹਨਾਂ ਮੰਗ ਕੀਤੀ ਕਿ ਸੜਕ ਨੂੰ ਅਪਗ੍ਰੇਡ ਕੀਤਾ ਜਾਵੇ ਤੇ ਕਿਹਾ ਕਿ ਮੁਰੰਮਤ ਦੇ ਨਾਂ ’ਤੇ ਕੀਤੇ ਜਾਰਹੇ ਕੰਮ ਲੋਕਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਹੈ।
