ਜਸਵੰਤ ਸਿੰਘ ਖਾਲੜਾ ਦੀ ਪਤਨੀ ਅਤੇ ਸਮਾਜ ਸੇਵੀ ਪਰਮਜੀਤ ਕੌਰ ਖਾਲੜਾ ਨੇ ਆਉਣ ਵਾਲੀਆਂ ਤਰਨਤਾਰਨ ਦੀ ਚੋਣ ਨਾ ਲੜਨ ਦਾ ਐਲਾਨ ਕੀਤਾ ਹੈ ਅਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਅਹਿਮ ਇਕੱਤਰਤਾ ਹੋਈ ਜਿਸ ਮਗਰੋਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਆ ਰਹੀ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਚੋਣ ਹੀ ਨਹੀਂ ਸਗੋਂ ਕੋਈ ਵੀ ਚੋਣ ਨਹੀਂ ਲੜਣਗੇ। ਇਸ ਤੋਂ ਇਲਾਵਾ ਜਥੇਬੰਦੀ ਨੇ ਇਹ ਵੀ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲੜਾ ਨੇ ਖਬੂਰ ਸਾਹਿਬ ਐਮਪੀ ਦੀਆਂ ਚੋਣਾਂ ਪੰਜਾਬ ਦੇ ਭਲੇ ਲਈ ਅਤੇ ਪੰਥ ਵਿਰੋਧੀਆਂ ਨੂੰ ਨੰਗਿਆ ਕਰਨ ਦੇ ਲਈ ਲੜੀ ਸੀ, ਜਿਸ ’ਚ ਸਿੱਖ ਪੰਥ ਨੇ ਸਹਿਯੋਗ ਦਿੱਤਾ। ਚੋਣਾਂ ਲੜਨਾ ਪੇਸ਼ਾ ਨਹੀਂ ਹੈ ਸਿਰਫ ਵਿਸ਼ੇਸ਼ ਹਾਲਤ ’ਚ ਚੋਣ ਲੜਨ ਦਾ ਫੈਸਲਾ ਲਿਆ ਗਿਆ ਸੀ। ਜਥੇਬੰਦੀ ਨੇ ਅੱਗੇ ਕਿਹਾ ਕਿ ਉਹ ਸਮੁੱਚੇ ਪੰਥ ਤੇ ਪੰਜਾਬ ਦਾ ਅੱਜ ਤੱਕ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹਨ ਅਤੇ ਜਬਰ ਤੇ ਜੁਲਮ ਖਿਲਾਫ ਆਪਣਾ ਨਿਮਾਣਾ ਯੋਗਦਾਨ ਪਾਉਂਦੇ ਰਹਿਣਗੇ।
ਵਰਨਣਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਬੀਬੀ ਪਰਮਜੀਤ ਖਾਲੜਾ ਨੂੰ ਆਪਣੀ ਪਾਰਟੀ ਵੱਲੋਂ ਉਮੀਦਵਾਰ ਬਨਾਉਣ ਦੀ ਗੱਲ ਆਖੀ ਗਈ ਸੀ।