Story

ਬੇਗਾਨੀ ਆਸ

ਲੇਖਕ: ਗੁਰਜੀਤ ਕੌਰ “ਮੋਗਾ”

ਮਮਤਾ ਹਰ ਰੋਜ਼ ਸਵੇਰੇ ਘਰੋਂ ਨਿਕਲਦੀ। ਹੱਥ ਵਿਚ ਵੱਡਾ ਸਾਰਾ ਲਿਫ਼ਾਫ਼ਾ ਜਾਂ ਕੋਈ ਪਲਾਸਟਿਕ ਦਾ ਥੈਲਾ ਲੈ ਕੇ ਕਾਗਜ਼ ਤੇ ਪਲਾਸਟਿਕ ਦੀਆਂ ਬੋਤਲਾ ਵਗੈਰਾ ਚੁਗਣ ਚਲੀ ਜਾਂਦੀ। ਹੱਥ ਵਿੱਚ ਸੋਟੀ ਕਿਸੇ ਕੁੱਤੇ-ਬਿੱਲੇ ਨੂੰ ਗਹਿਰਨ ਲਈ ਰੱਖਦੀ। ਜਵਾਨੀ ਵੇਲੇ ਤਾਂ ਮਮਤਾ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਤੇ ਪੈਸੇ ਕਮਾ ਲੈਂਦੀ ਪਰ ਉਮਰ ਵਡੇਰੀ ਹੋਣ ਕਰਕੇ ਘਰ-ਘਰ ਜਾਣ ਦੀ ਬਜਾਏ ਸੜਕੇ-ਸੜਕ ਬਜ਼ਾਰ ਨਿਕਲ ਜਾਂਦੀ। ਟੁੱਟਿਆ ਕੱਚ, ਗੱਤਾ, ਪਲਾਸਟਿਕ ਇਕੱਠਾ ਕਰ ਲਿਆਉਂਦੀ। ਚੁਗੇ ਹੋਏ ਸਮਾਨ ਨੂੰ ਰੇਹੜੇ ਵਾਲੇ ਕੋਲ ਵੇਚ ਦਿੰਦੀ। ਘਰ ਵਾਲਾ ਜੁਆਨੀ ਪਹਿਰੇ ਤੋਂ ਹੀ ਵਿਹਲਾ ਰਹਿਣ ਦਾ ਆਦੀ ਸੀ ਕਦੇ ਕਦਾਈਂ ਰਿਕਸ਼ਾ ਚਲਾ ਛੱਡਦਾ। ਕਦੇ ਕੋਈ ਪੈਸਾ ਨਾ ਦੇਂਦਾ, ਸ਼ਰਾਬ ਪੀ ਲੈਂਦਾ ,ਕਦੇ ਸਿਗਰਟਾਂ ਦੇ ਕਸ਼ ਲੈ ਕੇ ਧੂੰਆਂ ਉਡਾ ਛੱਡਦਾ ।ਮਮਤਾ ਦੇ ਘਰ ਦੋ ਧੀਆਂ ਨੇ ਜਨਮ ਲਿਆ।ਪੁੱਤ ਤਾਂ ਰੱਬ ਨੇ ਦੇ ਕੇ ਹੀ ਖੋਹ ਲਿਆ ਸੀ। ਦੋ ਤਿੰਨ ਵਾਰ ਉਸ ਦੇ ਬੱਚੇ ਸਿਰੇ ਹੀ ਨਹੀਂ ਸਨ ਲੱਗੇ। ਮਮਤਾ ਦਾ ਪਤੀ ਅਕਸਰ ਦਾਰੂ ਪੀ ਕੇ ਘਰੇ ਲੜਾਈ ਝਗੜਾ ਕਰਦਾ। ਮਮਤਾ ਅੰਦਰੋਂ ਅੰਦਰੀ ਉਸ ਤੇ ਬਹੁਤ ਖਿਝੀ ਰਹਿੰਦੀ। ਕਈ ਵਾਰ ਤਾਂ ਪਤੀ ਦੇ ਬੋਲੇ ਭੱਦੇ ਸ਼ਬਦਾਂ ਦਾ ਜਵਾਬ ਵੀ ਉਸੇ ਦੀ ਭਾਸ਼ਾ ਵਿਚ ਦਿੰਦੀ। ਮਮਤਾ ਨੇ ਦੋਹਾਂ ਧੀਆਂ ਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਦੇ ਸਹਾਰੇ ਵਿਆਹ ਦਿੱਤਾ। ਉਸ ਦੇ ਅੰਦਰਲੀ ਔਰਤ ਵਿਹਲੜ ਤੇ ਨਸ਼ੇੜੀ ਪਤੀ ਤੇ ਹਮੇਸ਼ਾਂ ਕੁਰਲਾਉਂਦੀ ਰਹਿੰਦੀ। ਬਿਗਾਨੀ ਛੱਤ ਹੇਠਾਂ ਰਹਿੰਦਿਆਂ ਮਮਤਾ ਦੇ ਚਾਲੀ ਵਰ੍ਹੇ ਬੀਤ ਗਏ। ਹੁਣ ਤਾਂ ਹਨੇਰੀਆਂ, ਝੱਖੜ, ਬਰਸਾਤਾਂ ਨਾਲ ਚੁਬਾਰੇ ਦੀ ਛੱਤ ਵੀ ਜੁਆਬ ਦੇ ਚੁੱਕੀ ਸੀ। ਥਾਂ-ਥਾਂ ਤੋਂ ਚੋਂਦੀ ਛੱਤ ਨੂੰ ਸੁਆਰਨ ਲਈ ਕੋਈ ਹੀਲਾ ਵੀ ਨਹੀਂ ਸੀ।ਸਰਦੀਆਂ ਦੇ ਮੌਸਮ ਵਿੱਚ ਬਰਸਾਤਾਂ ਵੇਲੇ ਦੋਨੋਂ ਜੀਅ ਧੀਆਂ ਕੋਲ ਚਲੇ ਜਾਂਦੇ। ਮਾੜੇ ਦੀ ਵੀ ਕਾਹਦੀ ਜ਼ਿੰਦਗੀ ਗ਼ਰੀਬੀ ਸਾਰੀਆਂ ਸੱਧਰਾਂ ਇੱਛਾਵਾਂ ਸਿਆਣਪਾਂ ਆਪਣੇ ਸਾਏ ਹੇਠਾਂ ਦੱਬ ਲੈਂਦੀ ਹੈ। ਗ਼ਰੀਬ ਕੋਲੋਂ ਤਾਂ ਹਰ ਕੋਈ  ਮੁੱਖ ਮੋੜ ਕੇ ਲੰਘਦਾ ਹੈ ਨਾਲੇ ਤਕੜਾ ਤਾਂ ਗ਼ਰੀਬ ਨੂੰ ਇਨਸਾਨ  ਸਮਝਦਾ ਹੀ ਨਹੀਂ । ਬਿਜਲੀ ਤੇ ਪਾਣੀ ਦੀ ਸਹੂਲਤ ਤੋਂ ਬਗੈਰ ਹੀ ਮਮਤਾ ਨੇ ਉਮਰ ਕੱਢ ਲਈ ਸੀ ਪਰ ਹੁਣ ਉਮਰ ਵਧਣ ਨਾਲ ਮਮਤਾ ਦੀਆਂ ਅੱਖਾਂ ਦੀ ਰੋਸ਼ਨੀ ਵੀ ਘਟ ਗਈ। ਦੋ ਡੰਗ ਦੀ ਰੋਟੀ ਵੀ ਕਮਾ ਕੇ ਖਾਣੀ ਔਖੀ ਸੀ। ਕਮਰੇ ਦੀ ਛੱਤ ਵੀ ਢਹਿ ਢੇਰੀ ਹੋ ਗਈ ਸੀ। ਹੁਣ ਕੁਝ ਖਰਚਾ ਮਮਤਾ ਦੀਆਂ ਧੀਆਂ ਦੇ ਦੇਂਦੀਆਂ ਅਤੇ ਕੁਝ ਆਸ ਪਾਸ ਰਹਿਣ ਵਾਲੇ ਰੋਟੀ ਪਾਣੀ ਦੀ ਮਦਦ ਕਰ ਦਿੰਦੇ। ਉਨ੍ਹਾਂ ਦੀ ਆਰਥਿਕ ਹਾਲਤ ਖਸਤਾ ਹੋਣ ਕਰਕੇ ਉਨ੍ਹਾਂ ਨੂੰ ਕੋਈ ਆਵਦੇ ਬੂਹੇ ‘ਚ ਵੀ ਨਹੀਂ ਸੀ ਬਹਿਣ ਦਿੰਦਾ। ਜਦੋਂ ਦੀ ਕਮਰੇ ਦੀ ਛੱਤ ਡਿੱਗ ਪਈ ਸੀ ਕੋਈ ਟਿਕਾਣਾ ਨਹੀਂ ਸੀ ਰਿਹਾ ਉਨ੍ਹਾਂ ਕੋਲ… ਗਰਮੀਆਂ ਦੇ ਤਿੱਖੜ ਦੁਪਹਿਰੇ ਉਹ ਕੰਧੀਂ ਕੌਲ਼ੀਂ ਲੱਗ ਕੇ ਕੱਢਦੇ। ਪਤੀ ਦੇ ਬਰਾਬਰ ਬੋਲਣ ਵਾਲੀ ਮਮਤਾ ਹੁਣ ਸਹਿਜ ਤੇ ਧੀਰਜ ਨਾਲ ਰਹਿੰਦੀ। ਕਿਵੇਂ ਨਾ ਕਿਵੇਂ ਦੋਨੋ ਜੀਅ ਜ਼ਿੰਦਗੀ ਦੇ ਪਹੀਏ ਨੂੰ ਰੋੜ੍ਹੀ ਆਉਂਦੇ ਸਨ। ਮੀਂਹ ਕਣੀ ਦੇ ਦਿਨਾਂ ਦੇ ਵਿਚ ਦੁਕਾਨਾਂ ਦੇ ਅੱਗੇ ਬਣੇ ਸ਼ੈੱਡਾਂ ਥੱਲੇ ਉਹ ਰਾਤਾਂ ਗੁਜ਼ਾਰਦੇ।ਇੱਕ ਬੁਰੀ ਆਦਤ ਸੀ ਮਮਤਾ ਨੂੰ ਆਪਣੇ ਪਤੀ ਦੇ ਬਰਾਬਰ ਬਹਿ ਕੇ ਬੀੜੀਆਂ ਫੂਕਣ ਦੀ।ਸਮਾਜ ਵੱਲੋਂ ਕੀਤੇ ਇਤਰਾਜ਼ ਇਨ੍ਹਾਂ ਤੇ ਕੋਈ ਅਸਰ ਨਹੀਂ ਕਰਦੇ … ਮਮਤਾ ਦੇ ਕਮਰੇ ਦੇ ਨੇੜੇ ਹੀ ਇੱਕ ਖਾਲੀ ਪਲਾਟ ਪਿਆ ਸੀ ਹੁਣ ਉੱਥੇ ਵੀ ਮਾਲਕਾਂ ਨੇ ਉਸਾਰੀ ਸ਼ੁਰੂ ਕਰ ਦਿੱਤੀ ਕੁਝ ਸਮੇਂ ਬਾਅਦ ਉੱਥੇ ਸੁੰਦਰ ਮਕਾਨ ਬਣ ਗਿਆ ਤੇ ਬਾਹਰ ਦੇਹਲੀਆਂ ਦੇ ਨਾਲ ਇੱਕ ਥੜੀ ਜਿਹੀ ਬਣਾ ਦਿੱਤੀ। ਪੱਥਰ ਵਗੈਰਾ ਲਾ ਕੇ ਥੜੀ ਪੂਰੀ ਤਿਆਰ ਕਰ ਦਿੱਤੀ ਤੇ ਮਾਲਕਾਂ ਨੇ ਘਰ ਵਿੱਚ ਰੈਣ ਬਸੇਰਾ ਵੀ ਕਰ ਲਿਆ। ਘਰ ਦੀ ਮਾਲਕਣ ਨਿੱਘੇ ਸੁਭਾਅ ਦੀ ਔਰਤ ਸੀ। ਛੇਤੀ ਹੀ ਉਸ ਨੂੰ ਮਮਤਾ ਦੀਆਂ ਮਜਬੂਰੀਆਂ ਦਾ ਪਤਾ ਲੱਗ ਗਿਆ ਅਤੇ ਉਸਦੀ ਕੋਈ ਨਾ ਕੋਈ ਮਦਦ ਕਰਨ ਲੱਗੀ । “ਆ ਤਾਂ ਬੀਬੀ ਜੀ ਤੁਸੀਂ ਪੁੰਨ ਖੱਟ ਲਿਆ ਥੜੀ ਬਣਾ ਕੇ.. ਸਾਡੇ ਤਾਂ ਕਿਤੇ ਬੈਠਣ ਨੂੰ ਥਾਂ ਨਹੀਂ ਸੀ …ਅਸੀਂ ਤਾਂ ਹੁਣ ਗਰਮੀਆਂ ਦੇ ਦੁਪਹਿਰੇ ਇੱਥੇ ਕੱਟਿਆ ਕਰਾਂਗੇ..” ਮਮਤਾ ਨੇ ਮਾਲਕਣ ਨੂੰ ਆਖਿਆ….। ਮਮਤਾ ਦੀਆਂ ਅੱਖਾਂ ਵਿਚ ਲੋਹੜਿਆਂ ਦੀ ਉਮੀਦ ਤੇ ਚਮਕ ਸੀ ਜਿਵੇਂ ਉਸ ਨੂੰ ਕੋਈ ਰੈਣ ਬਸੇਰਾ ਮਿਲ ਗਿਆ ਹੋਵੇ। ਮਮਤਾ ਦੇ ਹਲੀਮੀ ਭਰੇ ਬੋਲ ਸੁਣ ਕੇ ਮਾਲਕਣ ਨੇ ਵੀ ਹਾਮੀ ਭਰ ਦਿੱਤੀ। “ਹਾਂ ਹਾਂ ਕਿਉਂ ਨਹੀਂ! ਇਹ ਬੈਠਣ ਲਈ ਬਣਾਈ ਹੈ।”

ਕਈ ਵਰ੍ਹੇ ਬੀਤ ਗਏ। ਉਹ ਦੋਨੋਂ ਜੀ ਸਾਰਾ ਸਾਰਾ ਦਿਨ ਇੱਥੇ ਹੀ ਬਹਿ ਛੱਡਦੇ। ਘਰਦੇ ਵੀ ਉਨ੍ਹਾਂ ਨੂੰ ਕੋਈ ਰੋਕ ਟੋਕ ਨਾ ਕਰਦੇ। ਇੱਕ ਦਿਨ ਦੁਪਹਿਰ ਵੇਲੇ ਬਾਹਰੋਂ ਰੌਲਾ ਪੈਂਦੇ ਦੀ ਆਵਾਜ਼ ਆਈ। ਘਰ ਦੀ ਮਾਲਕਣ ਵੀ ਬਾਹਰ ਆ ਗਈ ਥੜੀ ਦੁਆਲੇ ਇਕੱਠ ਵੇਖ ਕੇ ਹੈਰਾਨ ਜਿਹੀ ਹੋ ਗਈ… ਪਤਾ ਲੱਗਾ ਕਿ ਕਈ ਦਿਨਾਂ ਤੋਂ ਢਿੱਲੀ ਮਮਤਾ ਪੂਰੀ ਹੋ ਗਈ ਲੋਕਾਂ ਦੀ ਭੀੜ ਮਮਤਾ ਨੂੰ ਵੇਖ ਵੇਖ ਮੁੜ ਰਹੀ ਸੀ। ਕੋਈ ਵੀ ਮਦਦ ਲਈ ਅੱਗੇ ਨਹੀਂ ਸੀ ਆਇਆ। ਘਰ ਦੇ ਮਾਲਕਾਂ ਨੇ ਮਮਤਾ ਦੇ ਸਸਕਾਰ ਦਾ ਸਾਰਾ ਖ਼ਰਚਾ ਉਠਾਇਆ ਤੇ ਸਸਕਾਰ ਕਰ ਦਿੱਤਾ। ਮਮਤਾ ਦੇ ਪੁੰਨ ਖੱਟਣ ਵਾਲੇ ਕਹੇ ਬੋਲ ਪੂਰੇ ਹੋ ਗਏ ਸਨ … ।

Related posts

ਸਹੀ ਸਲਾਹ !

admin

ਥਾਣੇਦਾਰ ਦਾ ਦਬਕਾ !

admin

ਹੁਣ ਤਾਂ ਸਾਰੇ ਲੈਣ ਈ ਆਉਂਦੇ ਆ !

admin