ਲਖਨਊ – ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਸੋਮਵਾਰ ਲਖਨਊ ਪੁੱਜੇ। ਇੱਥੇ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨੇ ਵਿੰਨ੍ਹੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ‘ਤੇ ਲੱਗੇ ਅੱਤਵਾਦੀ ਦੇ ਦੋਸ਼ਾਂ ‘ਤੇ ਵੀ ਸਫਾਈ ਦਿੱਤੀ। ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕੇਜਰੀਵਾਲ ਨੇ ਕਵੀ ਅਤੇ ‘ਆਪ’ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ ਨੂੰ ਲੈ ਕੇ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਸਾਰੀਆਂ ਏਜੰਸੀਆਂ ਦੇ ਛਾਪੇ ਪਵਾਏ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਮੇਰੇ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ ਗਾਜ਼ੀਆਬਾਦ ‘ਚ ਕੋਈ ਕਵੀ ਹੈ, ਜਿਸ ਨੇ ਦੱਸਿਆ ਕਿ ਕੇਜਰੀਵਾਲ ਅੱਤਵਾਦੀ ਹੈ ਤਾਂ ਮੈਂ ਮੋਦੀ ਜੀ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਸਾਰੀਆਂ ਏਜੰਸੀਆਂ ਹਟਾਓ ਅਤੇ ਉਸ ਕਵੀ ਨੂੰ ਰੱਖ ਲਓ। ਉਹ ਦੱਸੇਗਾ ਕਿ ਕੌਣ ਅੱਤਵਾਦੀ ਹੈ।
ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਭ੍ਰਿਸ਼ਟਾਚਾਰੀਆਂ ਲਈ ਅੱਤਵਾਦੀ ਹੈ। ਕੇਜਰੀਵਾਲ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦੀ ਦੋ ਤਰ੍ਹਾਂ ਦੇ ਹੁੰਦੇ ਹਨ। ਇਕ ਅੱਤਵਾਦੀ ਜਨਤਾ ਨੂੰ ਡਰਾਉਂਦਾ ਹੈ, ਦੂਜਾ ਅੱਤਵਾਦੀ ਭ੍ਰਿਸ਼ਟਾਚਾਰੀਆਂ ਨੂੰ ਡਰਾਉਂਦਾ ਹੈ। ਸ਼ੋਲੇ ਫ਼ਿਲਮ ਵਿਚ ਡਾਇਲੌਗ ਹੈ- ਜਦੋਂ 100-100 ਮੀਲ ਤਕ ਬੱਚਾ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਮਾਂ ਆਖਦੀ ਹੈ ਸੌਂ ਜਾ ਨਹੀਂ ਤਾਂ ਕੇਜਰੀਵਾਲ ਆ ਜਾਵੇਗਾ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਦੇ ਲੋਕ ਸਾਡੇ ਕੰਮ ਤੋਂ ਬਹੁਤ ਖੁਸ਼ ਹਨ। ਫੋਨ ਕਰ ਕੇ ਪੁੱਛ ਲਓ ਫਿਰ ਸਾਨੂੰ ਵੋਟ ਪਾਉਣਾ। ਉੱਤਰ ਪ੍ਰਦੇਸ਼ ‘ਚ ਵੀ ‘ਆਪ’ ਨੂੰ ਇਕ ਮੌਕਾ ਦਿਓ, ਇੱਥੋਂ ਵੀ ਸਾਰੀਆਂ ਪਾਰਟੀਆਂ ਦਾ ਸਫਾਇਆ ਹੋਵੇਗਾ।