ਇੱਕ ਦਿਨ ਰਹਿ ਗਿਆ ਸੀ ਮੇਰੇ ਪੇਪਰ ਵਿੱਚ, ਮੈਂ ਖ਼ੂਬ ਤਿਆਰੀ ਕਰ ਰਿਹਾ ਸੀ ਪੱਕਾ ਪੇਪਰ ਜੁ ਸੀ। ਸਵੇਰ ਦਾ ਪੜ੍ਹੀ ਜਾ ਰਿਹਾ ਸੀ ਤਾਂ ਸੋਚਿਆ ਕਿ ਹੁਣ ਇੱਕ ਬਾਜ਼ਾਰ ਦਾ ਗੇੜਾ ਕੱਢਿਆ ਜਾਵੇ। ਮੈਂ ਬਾਜ਼ਾਰ ਚਲਾ ਗਿਆ ਤੇ ਉਥੋਂ ਕੁਝ ਫਾਸਟ-ਫੂਡ ਖਾਧਾ। ਵਾਪਸ ਘਰ ਆਉਂਦਿਆਂ ਨੂੰ ਸ਼ਾਮ ਹੋ ਗਈ। ਬੇਬੇ ਚੁੱਲ੍ਹੇ ਤੇ ਪ੍ਰਸ਼ਾਦੇ/ ਰੋਟੀਆਂ ਬਣਾਉਂਦੀ ਸੀ ਤੇ ਮੈਨੂੰ ਵੀ ਕਹਿਣ ਲੱਗੀ, ‘ਵੇ ਨਿੱਕਿਆ! ਆਜਾ ਆ ਕੇ ਰੋਟੀਆਂ ਖਾ ਲਾ’,ਮੈ ਕਿਹਾ, ‘ਨਾ ਬੇਬੇ ਮੈਨੂੰ ਭੁੱਖ ਨੀ, ਮੈਂ ਬਾਜ਼ਾਰੋਂ ਕੁਝ ਖਾ ਆਇਆ ਸੀ। ਬੇਬੇ ਥੋੜ੍ਹਾ ਤਲਖ਼ ਕੇ ਬੋਲੀ,’ ਕਿੰਨੀ ਵਾਰੀ ਥੋਨੂੰ ਕਿਹੈ ਕਿ ਬਾਜ਼ਾਰ ਦੀਆਂ ਚੀਜ਼ਾਂ ਨਾ ਖਾਇਆ ਕਰੋ, ਪਰ ਤੁਸੀਂ ਕਿੱਥੇ ਟਲਦੇ ਓਂ।’ ਮੈਂ ਬੇਬੇ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ। ਬੀਬੀ ਨੇ ਇੱਕ-ਦੋ ਵਾਰ ਫਿਰ ਕਿਹਾ,’ਵੇ ਪੁੱਤ! ਖਾ ਲੈ,,,ਰੋਟੀ ਬਿਨਾਂ ਢਿੱਡ ਨਹੀਂ ਭਰਦਾ।’ ਪਰ ਮੈਂ ਕਿਹਾ ‘ਨਾ ਬੇਬੇ ਮੈਨੂੰ ਨੀ ਭੁੱਖ।’ ਫਿਰ ਆਪਣੇ ਕਮਰੇ ‘ਚ ਚਲਾ ਗਿਆ। ਕਿਤਾਬਾਂ ਚੁੱਕ ਕੇ ਪੜ੍ਹਨ ਲੱਗਾ।ਪੜ੍ਹਦਿਆਂ-ਪੜ੍ਹਦਿਆਂ ਰਾਤ ਦੇ ਦਸ-ਗਿਆਰਾਂ ਵੱਜ ਗਏ।ਪੜ੍ਹ ਰਿਹਾ ਸੀ ਤਾਂ ਅਚਾਨਕ ਢਿੱਡ ‘ਚ ਖੋਹ ਜਿਹੀ ਪੈਣ ਲੱਗੀ, ਭੁੱਖ ਜਿਹੀ ਮਹਿਸੂਸ ਹੋਣ ਲੱਗੀ। ਬਾਹਰ ਦੇਖਿਆ ਤਾਂ ਸਾਰੇ ਸੁੱਤੇ ਪਏ, ਬੇਬੇ ਵੀ ਪਲਸੇਟੇ ਲੈ ਰਹੀ ਸੀ। ਮੈਂ ਦੱਬੇਂ ਜਿਹੇ ਪੈਰੀਂ ਰਸੋਈ ਵਿੱਚ ਗਿਆ। ਰੋਟੀਆਂ ਆਲੀ ਚੰਗੇਰ ਫਰੋਲੀ ਪਰ ਉਹਦੇ ਵਿੱਚ ਤਾਂ ਇੱਕ ਵੀ ਰੋਟੀ ਨਹੀਂ ਸੀ। ਭੁੱਖ ਹੋਰ ਵੀ ਵਧ ਰਹੀ ਸੀ। ਮੈਂ ਸੋਚਿਆ ਕਿ ਅੱਧੀ ਰਾਤ ਹੁਣ ਕਾਹਨੂੰ ਤੰਗ ਕਰਨਾ। ਮੈਂ ਗਲਾਸ ਭਰ ਕੇ ਪਾਣੀ ਪੀਤਾ। ਜਦੋਂ ਗਲਾਸ ਰੱਖਣ ਲੱਗਾ ਤਾਂ ਪਲੇਟ ‘ਤੇ ਵੱਜਿਆ ਤੇ ਪਲੇਟ ਥੱਲੇ ਡਿੱਗ ਗਈ, ਖੜਕਾ ਹੋਇਆ,,,, ਬੇਬੇ ਜਾਗਦੀ ਸੀ, ਉੱਠ ਕੇ ਆਈ ਤੇ ਕਹਿਣ ਲੱਗੀ ‘ਵੇ ਨਿੱਕਿਆ ਤੂੰ! ਵੇ ਤੂੰ ਅਜੇ ਸੁੱਤਾ ਨਹੀਂ।’ ਮੈਂ ਕਿਹਾ ‘ਬੇਬੇ! ਓ ਥੋੜ੍ਹੀ ਭੁੱਖ ਜਿਹੀ ਲੱਗੀ ਸੀ,,,ਸੋਚਿਆ ਕੋਈ ਦੋ ਫੁਲਕੇ ਪਏ ਹੋਣਗੇ,ਚਲ ਖਾ ਲੈਂਦਾ ਆਂ।’,,, ‘ਵੇ ਓ ਤਾਂ ਮੈਂ ਬਿੱਲੀ ਨੂੰ ਪਾ ਤੇ ਸੀ,,,, ਚੱਲ ਕੋਈ ਨਾ ਬੇਬੇ ਮੈਂ ਪਾਣੀ ਪੀ ਲਿਆ। ਲੈ ਪੁੱਤ,,,,,ਰੋਟੀਆਂ ਦੀ ਕਿਹੜੀ ਗੱਲ ਮੈਂ ਹੁਣੇ ਪਕਾ ਦਿੰਨੀ ਆਂ।,,,,ਓ ਨਾ ਬੇਬੇ ਤੂੰ ਕਾਹਨੂੰ ਔਖੀ ਹੋਣਾ ਤੂੰ ਸੌਂ ਜਾ, ਮੈਂ ਪੜ੍ਹ ਲਵਾਂ ਮੇਰਾ ਕੱਲ੍ਹ ਨੂੰ ਪੇਪਰ ਏ।,,, ‘ਵੇ ਪੁੱਤ ਦਾਈਆਂ ਤੋਂ ਵੀ ਭਲਾ ਕਦੇ ਪੇਟ ਲੁਕੇ ਐ,ਭੁੱਖੇ ਢਿੱਡ ਤੇ ਘੜੀ ਪਲ ਵੀ ਨੀ ਪੜ ਹੋਣਾ,ਬਸ ਦੋ-ਚਾਰ ਮਿੰਟ ਖੜ੍ਹ ਤੂੰ,,,ਮੈਂ ਹੁਣੇ ਫੁਲਕੇ ਪਕਾ ਦਿੰਨੀ ਆਂ।’,,,,,ਮੈਂ ਬੇਬੇ ਨੂੰ ਬੜਾ ਕਿਹਾ ਪਰ ਓਹ ਮੰਨੀ ਨਾ। ਬੇਬੇ ਨੇ ਫਟਾਫਟ ਪੰਜ ਸੱਤ ਫੁਲਕੇ ਪਕਾਏ ਤੇ ਮੈਨੂੰ ਕਹਿੰਦੀ,,, ਖਾ ਲੈ ਤੇ ਖਾ ਕੇ ਪੜ੍ਹ ਲਵੀਂ, ਮੈਂ ਸਾਰੇ ਦੇ ਸਾਰੇ ਫੁਲਕੇ ਖਾ ਗਿਆ। ਬੇਬੇ ਵੇਖ ਕੇ ਬੋਲੀ,,, ਭੁੱਖ ਲੱਗੀ ਸੀ ਤਾਂ ਈ ਖਾ ਲਏ ਨੇ। ਮੈ ਫਿਰ ਦੇਰ ਰਾਤ ਤਕ ਜਾਗ ਕੇ ਪੜਦਾ ਰਿਹਾ, ਪੇਪਰ ਦੀ ਚੰਗੀ ਤਿਆਰੀ ਹੋ ਗਈ। ਇਹ ਸਭ ਕਰਾਮਾਤ ਬੇਬੇ ਦੇ ਪ੍ਰਸ਼ਾਦਿਆਂ ਦੀ ਹੀ ਸੀ ਕਿ ਪੇਪਰ ਬੜਾ ਵਧੀਆ ਹੋਇਆ। ਬੇਸ਼ੱਕ ਅੱਜ ਮੈਨੂੰ ਸ਼ਹਿਰ ਵਿੱਚ ਬੜੇ ਸੁਆਦਲੇ ਪਕਵਾਨ ਮਿਲ ਜਾਂਦੇ ਨੇ ਪਰ ਬੇਬੇ ਦੇ ਉਹ ਰਾਤੀਂ ਖੁਆਏ ਪ੍ਰਸ਼ਾਦਿਆਂ ਦੀ ਬਰਾਬਰੀ ਕੋਈ ਪਕਵਾਨ ਨੀ ਕਰ ਸਕਦਾ। ਜਿਊਂਦੀ ਵੱਸਦੀ ਰਹੇ ਮੇਰੀ ਬੇਬੇ।