ਨਵੀਂ ਦਿੱਲੀ – ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਦੇਸ਼ ਨੂੰ ਵੱਡੀ ਰਾਹਤ ਮਿਲੀ ਹੈ। ਬੈਂਗਲੁਰੂ ’ਚ ਕੋਰੋਨਾ ਤੋਂ ਪੀੜਤ ਪਾਏ ਗਏ ਦੋ ਦੱਖਣੀ ਅਫਰੀਕੀ ਨਾਗਰਿਕਾਂ ’ਚ ਓਮੀਕ੍ਰੋਨ ਨਹੀਂ ਮਿਲਿਆ। ਦੋਵਾਂ ਦੇ ਵਾਇਰਸ ਦੇ ਡੈਲਟਾ ਵੇਰੀਐਂਟ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ ਜੋ ਘੱਟ ਇਨਫੈਕਟਿਡ ਨਹੀਂ ਹੈ। ਵੈਸੇ ਪੂਰੇ ਦੇਸ਼ ’ਚ ਵੀ ਕੋਰੋਨਾ ਦੇ ਹਾਲਾਤ ’ਚ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਇਨਫੈਕਸ਼ਨ ਦੇ ਨਵੇਂ ਮਾਮਲੇ 10 ਹਜ਼ਾਰ ਤੋਂ ਹੇਠਾਂ ਬਣੇ ਹੋਏ ਹਨ।ਬੈਂਗਲੁਰੂ ਗ੍ਰਾਮੀਣ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਦੱਖਣੀ ਅਫਰੀਕੀ ਨਾਗਰਿਕ ਡੈਲਟਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਨ੍ਹਾਂ ’ਚੋਂ ਇਕ ਨੂੰ 11 ਨਵੰਬਰ ਨੂੰ ਤੇ ਇਕ ਨੂੰ 20 ਨਵੰਬਰ ਨੂੰ ਕੋਰੋਨਾ ਨਾਲ ਪੀੜਤ ਪਾਇਆ ਗਿਆ ਸੀ ਜਿਸ ਤੋਂ ਬਾਅਦ ਦੇਸ਼ ’ਚ ਓਮੀਕ੍ਰੋਨ ਵੇਰੀਐਂਟ ਬਾਰੇ ਦਹਿਸ਼ਤ ਫੈਲ ਗਈ ਸੀ। ਹਾਲਾਂਕਿ, ਓਮੀਕ੍ਰੋਨ ਬਾਰੇ ਪੂਰੇ ਦੇਸ਼ ’ਚ ਖ਼ਾਸ ਚੌਕਸੀ ਵਰਤੀ ਜਾ ਰਹੀ ਹੈ ਤੇ ਕੇਂਦਰ ਸਰਕਾਰ ਨੇ ਪਹਿਲਾਂ ਹੀ ਬਾਹਰ ਖ਼ਾਸ ਕਰਕੇ ਅਫਰੀਕੀ ਤੇ ਕੁਝ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।ਓਮੀਕ੍ਰੋਨ ਦੀ ਦਹਿਸ਼ਤ ਵਿਚਾਲੇ ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 8774 ਨਵੇਂ ਮਾਮਲੇ ਮਿਲੇ ਹਨ ਤੇ 621 ਮੌਤਾਂ ਹੋਈਆਂ ਹਨ, ਜਿਨ੍ਹਾਂ ’ਚ 554 ਮੌਤਾਂ ਸਿਰਫ ਕੇਰਲ ਤੋਂ ਹਨ। ਇਸ ਦੌਰਾਨ ਸਰਗਰਮ ਮਾਮਲਿਆਂ ’ਚ ਵੀ ਹਜ਼ਾਰ ਤੋਂ ਜ਼ਿਆਦਾ ਦੀ ਕਮੀ ਆਈ ਹੈ ਤੇ ਇਨ੍ਹਾਂ ਦੀ ਗਿਣਤੀ 105691 ਰਹਿ ਗਈ ਹੈ ਜੋ ਕੁੱਲ ਮਾਮਲਿਆਂ ਦਾ 0.31 ਫ਼ੀਸਦੀ ਤੇ 543 ਦਿਨਾਂ ’ਚ ਸਭ ਤੋਂ ਘੱਟ ਹੈ। ਰੋਜ਼ਾਨਾ ਦੀ ਇਨਫੈਕਸ਼ਨ ਦਰ 55 ਦਿਨਾਂ ਤੋਂ ਦੋ ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ।ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ‘ਮਾਤੋਸ਼੍ਰੀ’ ਨਾਮਕ ਓਲਡ ਏਜ ਹੋਮ ’ਚ ਰਹਿਣ ਵਾਲੇ 62 ਬਜ਼ੁਰਗਾਂ ’ਚ ਇਨਫੈਕਸ਼ਨ ਪਾਈ ਗਈ ਹੈ। ਸਾਰਿਆਂ ਨੂੰ ਠਾਣੇ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਪੰਜ ਦੇ ਸਕੇ-ਸਬੰਧੀ ਵੀ ਇਨਫੈਕਟਿਡ ਮਿਲੇ ਹਨ ਤੇ ਉਨ੍ਹਾਂ ਸਾਰਿਆਂ ਨੂੰ ਵੀ ਸਰਕਾਰੀ ਹਸਪਤਾਲ ’ਚ ਰੱਖਿਆ ਗਿਆ ਹੈ।ਕੇਂਦਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤਕ ਕੋੋਰੋਨਾ ਰੋਕੂ ਵੈਕਸੀਨ ਦੀਆਂ 135 ਕਰੋੜ ਖ਼ੁਰਾਕਾਂ ਮੁਹੱਈਆ ਕਰਵਾਈਆਂ ਹਨ। ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਤਕ ਦੇ ਅੰਕੜਿਆਂ ਮੁਤਾਬਕ ਹੁਣ ਤਕ 122.38 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚੋਂ 78.49 ਕਰੋੜ ਲੋਕਾਂ ਨੂੰ ਪਹਿਲੀ ਤੇ 43.89 ਕਰੋੜ ਲੋਕਾਂ ਨੂੰ ਦੋਵੇਂ ਖ਼ੁਰਾਕਾਂ ਦਿੱਤੀਆਂ ਗਈਆਂ ਹਨ।