ਬੈਂਗਲੁਰੂ – ਕਰਨਾਟਕ ਵਿੱਚ ਚੱਲ ਰਹੇ ਹਿਜਾਬ ਵਿਵਾਦ ਵਿਚਾਲੇ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੈਂਗਲੁਰੂ ਦੇ ਇੱਕ ਕਾਲਜ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਿਤ 17 ਸਾਲਾਂ ਅੰਮ੍ਰਿਤਧਾਰੀ ਵਿਦਿਆਰਥਣ ਨੂੰ ਦਸਤਾਰ ਉਤਾਰਨ ਲਈ ਕਿਹਾ ਗਿਆ । ਇਸਦੇ ਲਈ ਕਾਲਜ ਨੇ ਕਰਨਾਟਕ ਹਾਈ ਕੋਰਟ ਵੱਲੋਂ 10 ਫਰਵਰੀ ਨੂੰ ਜਾਰੀ ਅੰਤਰਿਮ ਹੁਕਮ ਦਾ ਹਵਾਲਾ ਦਿੱਤਾ, ਜਿਸ ਵਿੱਚ ਡਰੈੱਸ ਕੋਡ ਦੀ ਗੱਲ ਕਹੀ ਗਈ ਹੈ ।
ਇੱਕ ਰਿਪੋਰਟ ਅਨੁਸਾਰ ਬੈਂਗਲੁਰੂ ਦੇ ਇੱਕ ਕਾਲਜ ਦੀ ਅੰਮ੍ਰਿਤਧਾਰੀ ਵਿਦਿਆਰਥਣ ਨੂੰ 16 ਫਰਵਰੀ ਨੂੰ ਸਭ ਤੋਂ ਪਹਿਲਾਂ ਨਿਮਰਤਾ ਨਾਲ ਦਸਤਾਰ ਉਤਾਰਨ ਲਈ ਕਿਹਾ ਗਿਆ ਸੀ, ਜਿਸ ਤੋਂ ਵਿਦਿਆਰਥਣ ਨੇ ਇਨਕਾਰ ਕਰ ਦਿੱਤਾ ਸੀ । ਇਸ ਤੋਂ ਬਾਅਦ ਜਦੋਂ ਲੜਕੀ ਦੇ ਪਿਤਾ ਨੇ ਕਾਲਜ ਦੇ ਪ੍ਰਸਾਸ਼ਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸਿੱਖ ਲਈ ਦਸਤਾਰ ਦੀ ਮਹੱਤਤਾ ਨੂੰ ਸਮਝਦੇ ਹਨ ਪਰ ਹਾਈ ਕੋਰਟ ਦੇ ਹੁਕਮਾਂ ਦੇ ਪਾਬੰਦ ਹਨ।
ਕਾਲਜ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਹੁਣ ਤੱਕ ਵਿਦਿਆਰਥਣ ਵੱਲੋਂ ਦਸਤਾਰ ਸਜਾਉਣ ਨਾਲ ਕੋਈ ਸਮੱਸਿਆ ਨਹੀਂ ਸੀ। ਜਦੋਂ 16 ਫਰਵਰੀ ਨੂੰ ਕਾਲਜ ਖੁੱਲ੍ਹਿਆ ਤਾਂ ਅਸੀਂ ਸਾਰੇ ਵਿਦਿਆਰਥੀਆਂ ਨੂੰ ਹਾਈਕੋਰਟ ਦੇ ਹੁਕਮਾਂ ਦੀ ਜਾਣਕਾਰੀ ਦਿੱਤੀ ਅਤੇ ਆਪਣੀਆਂ ਆਮ ਗਤੀਵਿਧੀਆਂ ਵਿੱਚ ਜੁੱਟ ਗਏ । ਮੰਗਲਵਾਰ ਨੂੰ ਜਦੋਂ ਪ੍ਰੀ-ਯੂਨੀਵਰਸਿਟੀ ਐਜੂਕੇਸ਼ਨ (ਉੱਤਰੀ) ਦੇ ਡਿਪਟੀ ਡਾਇਰੈਕਟਰ ਕਾਲਜ ਪਹੁੰਚੇ ਤਾਂ ਉਨ੍ਹਾਂ ਨੇ ਹਿਜਾਬ ਪਹਿਨੇ ਕੁੜੀਆਂ ਦੇ ਇੱਕ ਗਰੁੱਪ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਦਫਤਰ ਬੁਲਾਇਆ ਅਤੇ ਹਾਈ ਕੋਰਟ ਦੇ ਹੁਕਮਾਂ ਬਾਰੇ ਦੱਸਿਆ। ਇਹ ਕੁੜੀਆਂ ਲਗਾਤਾਰ ਮੰਗ ਕਰ ਰਹੀਆਂ ਸਨ ਕਿ ਕਿਸੇ ਵੀ ਕੁੜੀ ਨੂੰ ਆਪਣੇ ਧਾਰਮਿਕ ਪ੍ਰਤੀਕਾਂ ਨੂੰ ਪਾਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ।
ਇਨ੍ਹਾਂ ਆਦੇਸ਼ਾਂ ਬਾਰੇ ਅੰਮ੍ਰਿਤਧਾਰੀ ਵਿਦਿਆਰਥਣ ਦੇ ਪਿਤਾ ਨੂੰ ਸੂਚਿਤ ਕੀਤਾ ਗਿਆ ਅਤੇ ਇਸਦਾ ਪਾਲਣ ਕਰਨ ਲਈ ਕਿਹਾ ਗਿਆ। ਜਿਸਦੇ ਜਵਾਬ ਵਿੱਚ ਪਿਤਾ ਨੇ ਕਿਹਾ ਕਿ ਦਸਤਾਰ ਉਨ੍ਹਾਂ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹੈ। ਕੁੜੀ ਦੇ ਪਿਤਾ ਗੁਰਚਰਨ ਸਿੰਘ ਇੱਕ ਵੱਡੀ ਆਈਟੀ ਕੰਪਨੀ ਵਿੱਚ ਸੀਨੀਅਰ ਪੋਸਟ ‘ਤੇ ਹਨ। ਉਹ ਪਿਛਲੇ 17 ਸਾਲਾਂ ਤੋਂ ਕਰਨਾਟਕ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਦਸਤਾਰ ਨਹੀਂ ਹਟਾਵੇਗੀ। ਅੰਮ੍ਰਿਤਧਾਰੀ ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਹਾਈਕੋਰਟ ਦੇ ਆਦੇਸ਼ ਵਿੱਚ ਸਿੱਖ ਦਸਤਾਰ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਹੈ, ਇਸਨੂੰ ਗਲਤ ਸਮਝਿਆ ਜਾ ਰਿਹਾ ਹੈ। ਹਾਲਾਂਕਿ ਹੁਣ ਉਹ ਇਸ ਮਾਮਲੇ ਸਬੰਧੀ ਭਾਈਚਾਰੇ ਦੇ ਵਕੀਲਾਂ ਅਤੇ ਵੱਖ-ਵੱਖ ਜਥੇਬੰਦੀਆਂ ਨਾਲ ਵੀ ਸੰਪਰਕ ਵਿੱਚ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਬੇਟੀ ਨੂੰ ਕਲਾਸ ਵਿੱਚ ਦਸਤਾਰ ਬੰਨਣ ਦੀ ਇਜਾਜ਼ਤ ਦਿੱਤੀ ਜਾਵੇ।