ਸਿਡਨੀ ਸਥਿਤ ਬੌਂਡੀ ਦੇ ਵਿੱਚ 14 ਦਸੰਬਰ ਨੂੰ ਚਾਨੂਕਾਹ ਸਮਾਗਮ ਦੇ ਦੌਰਾਨ ਡਿਊਟੀ ਨਿਭਾਉਂਦਿਆਂ ਅੱਤਵਾਦੀ ਬੰਦੂਕਧਾਰੀਆਂ ਸਾਜਿਦ ਅਤੇ ਨਵੀਦ ਅਕਰਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਗੰਭੀਰ ਜ਼ਖਮੀਂ ਹੋ ਗਏ, ਨਿਊ ਸਾਊਥ ਵੇਲਜ਼ ਦੇ ਪੁਲਿਸ ਅਧਿਕਾਰੀਆਂ ਦੇ ਵਿੱਚੋਂ ਇੱਕ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਜਦਕਿ ਹਸਪਤਾਲ ਦੇ ਵਿੱਚ ਹੀ ਜ਼ੇਰ੍ਹੇ ਇਲਾਜ ਇੱਕ ਹੋਰ ਪੁਲਿਸ ਅਧਿਕਾਰੀ ਨੂੰ ਕੋਮਾ ਦੇ ਵਿੱਚੋਂ ਹੋਸ਼ ਆ ਗਈ ਹੈ।
ਬੌਂਡੀ ਅੱਤਵਾਦੀ ਹਮਲੇ ਵਿੱਚ ਗੋਲੀ ਲੱਗਣ ਤੋਂ ਬਾਅਦ ਨਿਊ ਸਾਊਥ ਵੇਲਜ਼ ਦੇ ਪੁਲਿਸ ਅਧਿਕਾਰੀ ਜੈਕ ਹਿਬਰਟ ਨੂੰ ਹਸਪਤਾਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਬੌਂਡੀ ਅੱਤਵਾਦੀ ਹਮਲੇ ਦੌਰਾਨ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀਂ ਹੋ ਗਿਆ ਸੀ। ਉਸਦੀ ਇੱਕ ਅੱਖ ਦੇ ਵਿੱਚ ਵੀ ਗੋਲੀ ਲੱਗੀ ਸੀ ਅਤੇ ਹੁਣ ਉਹ ਇੱਕ ਅੱਖ ਤੋਂ ਦੇਖ ਨਹੀਂ ਸਕੇਗਾ। 22 ਸਾਲ ਦਾ ਨੌਜਵਾਨ ਪ੍ਰੋਬੇਸ਼ਨਰੀ ਕਾਂਸਟੇਬਲ ਜੈਕ ਹਿਬਰਟ 14 ਦਸੰਬਰ ਨੂੰ ਬੌਂਡੀ ਦੇ ਵਿੱਚ ਚਾਨੂਕਾਹ ਸਮਾਗਮ ਦੇ ਦੌਰਾਨ ਡਿਊਟੀ ਨਿਭਾਉਂਦਿਆਂ ਬੰਦੂਕਧਾਰੀਆਂ ਸਾਜਿਦ ਅਤੇ ਨਵੀਦ ਅਕਰਮ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਗੰਭੀਰ ਜ਼ਖਮੀਂ ਹੋ ਗਿਆ ਸੀ। ਹਸਪਤਾਲ ਦੇ ਵਿੱਚ ਜਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਕਈ ਅਪਰੇਸ਼ਨਾਂ ਤੋਂ ਬਾਅਦ ਬਿਹਤਰ ਮਹਿਸੂਸ ਕਰਨ ਤੋਂ ਬਾਅਦ ਹੁਣ ਉਸਨੂੰ ਹਸਤਪਾਲ ਤੋਂ ਛੁੱਟੀ ਮਿਲ ਗਈ ਹੈ।
ਜੈਕ ਹਿਬਰਟ ਦੇ ਪ੍ਰੀਵਾਰ ਨੇ ਇਸ ਸਬੰਧੀ ਦੱਸਿਆ ਹੈ ਕਿ, “ਹਸਪਤਾਲ ਤੋਂ ਰਿਹਾਅ ਹੋ ਕੇ ਉਹ ਘਰ ਵਿੱਚ ਠੀਕ ਹੋ ਰਿਹਾ ਹੈ। ਅਸੀਂ ਭਾਈਚਾਰੇ, ਜੈਕ ਦੇ ਸਾਥੀਆਂ, ਦੋਸਤਾਂ ਅਤੇ ਐਮਰਜੈਂਸੀ ਸੇਵਾਵਾਂ ਵੱਲੋਂ ਮਿਲੇ ਭਾਰੀ ਸਮਰਥਨ, ਦਿਆਲੂ ਸੰਦੇਸ਼ਾਂ ਅਤੇ ਸ਼ੁੱਭਕਾਮਨਾਵਾਂ ਲਈ ਤਹਿ ਦਿਲੋਂ ਧੰਨਵਾਦੀ ਹਾਂ। ਇੱਕ ਪਰਿਵਾਰ ਦੇ ਰੂਪ ਵਿੱਚ ਅਸੀਂ ਹੋਰ ਕੁੱਝ ਨਹੀਂ ਮੰਗਦੇ, ਸਾਡੇ ਜੈਕੋ ਦਾ ਘਰ ਹੋਣਾ ਖਾਸ ਕਰਕੇ ਕ੍ਰਿਸਮਸ ਮੌਕੇ ਸੱਚਮੁੱਚ ਇੱਕ ਚਮਤਕਾਰ ਵਾਂਗ ਮਹਿਸੂਸ ਹੋ ਰਿਹਾ ਹੈ।”
ਜੈਕ ਹਿਬਰਟ ਹਿਬਰਟ ਦੇ ਪ੍ਰੀਵਾਰ ਨੇ ਇਹ ਅਪੀਲ ਵੀ ਕੀਤੀ ਹੈ ਕਿ ਜਦੋਂ ਤੱਕ ਜੈਕ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ, ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ।
ਇਸੇ ਦੌਰਾਨ ਗੰਭੀਰ ਹਾਲਤ ਦੇ ਵਿੱਚ ਜ਼ਖਮੀਂ ਨਿਊ ਸਾਊਥ ਵੇਲਜ਼ ਦਾ ਇੱਕ ਹੋਰ ਪੁਲਿਸ ਅਧਿਕਾਰੀ ਕਾਂਸਟੇਬਲ ਸਕੌਟ ਡਾਇਸਨ ਹਸਪਤਾਲ ਦੇ ਵਿੱਚ ਪਹਿਲੀ ਵਾਰ ਹੋਸ਼ ਦੇ ਵਿੱਚ ਆ ਗਿਆ ਹੈ। 25 ਸਾਲਾਂ ਦਾ ਸਕੌਟ ਡਾਇਸਨ 18 ਮਹੀਨੇ ਤੋਂ ਨਿਊ ਸਾਊਥ ਵੇਲਜ਼ ਪੁਲਿਸ ਦੇ ਵਿੱਚ ਸੇਵਾ ਨਿਭਾਅ ਰਿਹਾ ਹੈ। ਕਾਂਸਟੇਬਲ ਸਕੌਟ ਡਾਇਸਨ ਵੀ ਬੌਂਡੀ ਦੇ ਵਿੱਚ ਚਾਨੂਕਾਹ ਸਮਾਗਮ ਦੇ ਦੌਰਾਨ ਬੰਦੂਕਧਾਰੀਆਂ ਸਾਜਿਦ ਅਤੇ ਨਵੀਦ ਅਕਰਮ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਗੰਭੀਰ ਜ਼ਖਮੀਂ ਹੋ ਗਿਆ ਸੀ। ਸਕੌਟ ਕੋਮਾ ਦੇ ਵਿੱਚ ਸੀ ਅਤੇ ਉਸਦੀ ਲਗਭਗ ਰੋਜ਼ਾਨਾ ਸਰਜਰੀ ਕੀਤੀ ਜਾ ਰਹੀ ਸੀ। ਉਸਦੀ ਸਿਹਤਯਾਬੀ ਵਿੱਚ ਹਾਲੇ ਬਹੁਤ ਸਮਾਂ ਲੱਗੇਗਾ ਪਰ ਕੋਮਾ ਦੇ ਵਿੱਚੋਂ ਬਾਹਰ ਆਉਣਾ ਇੱਕ ਸਕਾਰਾਤਮਕ ਸੰਕੇਤ ਹੈ।
