ਢਾਕਾ – ਬੰਗਲਾਦੇਸ਼ ਨੇ ਵੀਰਵਾਰ ਨੂੰ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਜਮਾਤ-ਏ-ਇਸਲਾਮੀ ਅਤੇ ਇਸ ਦੇ ਵਿਦਿਆਰਥੀ ਵਿੰਗ ’ਇਸਲਾਮੀ ਛਤਰ ਸ਼ਿਬੀਰ’ ’ਤੇ ਪਾਬੰਦੀ ਲਗਾ ਦਿੱਤੀ। ਬੰਗਲਾਦੇਸ਼ ਨੇ ਇਹ ਪਾਬੰਦੀ ਦੇਸ਼ ਵਿਆਪੀ ਅਸ਼ਾਂਤੀ ਤੋਂ ਬਾਅਦ ਜਨਤਕ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਲਗਾਈ। ਇਸਲਾਮਿਕ ਪਾਰਟੀ ’ਤੇ ਪਾਬੰਦੀ ਦਾ ਐਲਾਨ ਗ੍ਰਹਿ ਮੰਤਰਾਲੇ ਦੇ ਜਨਤਕ ਸੁਰੱਖਿਆ ਡਿਵੀਜ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕੀਤਾ ਗਿਆ ਹੈ। ਇਹ ਪਾਰਟੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਵੱਡੀ ਸਹਿਯੋਗੀ ਹੈ। ਬੰਗਲਾਦੇਸ਼ ਸਰਕਾਰ ਨੇ ਮੰਗਲਵਾਰ ਨੂੰ ਸਰਕਾਰੀ ਨੌਕਰੀਆਂ ’ਚ ਰਾਖਵੇਂਕਰਨ ਨੂੰ ਲੈ ਕੇ ਦੇਸ਼ ਭਰ ’ਚ ਵਿਦਿਆਰਥੀਆਂ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਜਮਾਤ-ਏ-ਇਸਲਾਮੀ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਦੋਸ਼ ਲਾਇਆ ਕਿ ਜਮਾਤ-ਏ-ਇਸਲਾਮੀ ਅੰਦੋਲਨ ਦਾ ਫ਼ਾਇਦਾ ਉਠਾ ਰਹੀ ਹੈ, ਜਿਸ ਵਿਚ ਘੱਟੋ-ਘੱਟ 150 ਲੋਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਦੀ ਅਗਵਾਈ ਵਾਲੇ 14-ਪਾਰਟੀ ਗਠਜੋੜ ਦੀ ਮੀਟਿੰਗ ਤੋਂ ਬਾਅਦ ਇਹ ਘਟਨਾਕ੍ਰਮ ਹੋਇਆ। ਇਸ ਮੀਟਿੰਗ ’ਚ ਮਤਾ ਪਾਸ ਕੀਤਾ ਗਿਆ ਕਿ ਜਮਾਤ ’ਤੇ ਪਾਬੰਦੀ ਲਗਾਈ ਜਾਵੇ। ਜਮਾਤ ’ਤੇ ਪਾਬੰਦੀ ਲਗਾਉਣ ਦਾ ਤਾਜ਼ਾ ਫ਼ੈਸਲਾ 1972 ’ਚ “ਰਾਜਨੀਤਿਕ ਉਦੇਸ਼ਾਂ ਲਈ ਧਰਮ ਦੀ ਦੁਰਵਰਤੋਂ” ਲਈ ਲਗਾਈ ਗਈ ਸ਼ੁਰੂਆਤੀ ਪਾਬੰਦੀ ਦੇ 50 ਸਾਲ ਬਾਅਦ ਆਇਆ ਹੈ।