ਢਾਕਾ – ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਕਿਹਾ ਕਿ ਉਸ ਨੇ ਭਾਰਤ ਨੂੰ ਇੱਕ ਕੂਟਨੀਤਕ ਨੋਟ ਭੇਜ ਕੇ ਕਿਹਾ ਹੈ ਕਿ ਮੁਲਕ ਦੀ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਢਾਕਾ ਵਾਪਸ ਭੇਜਿਆ ਜਾਵੇ।
77 ਸਾਲਾ ਹਸੀਨਾ 5 ਅਗਸਤ ਤੋਂ ਭਾਰਤ ਵਿੱਚ ਜਲਾਵਤਨੀ ਵਿਚ ਰਹਿ ਰਹੀ ਹੈ ਜਦੋਂ ਉਨ੍ਹਾਂ ਨੂੰ ਆਪਣੇ ਮੁਲਕ ਵਿਚ ਵਿਦਿਆਰਥੀਆਂ ਦੀ ਅਗਵਾਈ ਵਾਲੇ ਜ਼ੋਰਦਾਰ ਵਿਰੋਧ ਪ੍ਰਦਰਸ਼ਨਾਂ ਕਾਰਨ ਦੇਸ਼ ਛੱਡ ਕੇ ਭੱਜਣਾ ਪਿਆ ਸੀ ਅਤੇ ਇਸ ਕਾਰਨ ਉਨ੍ਹਾਂ ਦੀ 16 ਸਾਲਾਂ ਦੀ ਹਕੂਮਤ ਦਾ ਤਖ਼ਤਾ ਪਲਟਿਆ ਗਿਆ ਸੀ।
ਬੰਗਲਾਦੇਸ਼ ਸਥਿਤ ਕੌਮਾਂਤਰੀ ਅਪਰਾਧ ਟ੍ਰਿਬਿਊਨਲ ਨੇ ਹਸੀਨਾ ਅਤੇ ਉਨ੍ਹਾਂ ਦੀ ਹਕੂਮਤ ਵੇਲੇ ਰਹੇ ਕਈ ਸਾਬਕਾ ਕੈਬਨਿਟ ਮੰਤਰੀਆਂ, ਸਲਾਹਕਾਰਾਂ ਅਤੇ ਫੌਜੀ ਅਤੇ ਸਿਵਲ ਅਧਿਕਾਰੀਆਂ ਖ਼ਿਲਾਫ਼ ‘ਮਨੁੱਖਤਾ ਵਿਰੁੱਧ ਅਪਰਾਧਾਂ ਅਤੇ ਨਸਲਕੁਸ਼ੀ’ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਤੌਹੀਦ ਹੁਸੈਨ ਨੇ ਦੱਸਿਆ, “ਅਸੀਂ ਭਾਰਤ ਸਰਕਾਰ ਨੂੰ ਇੱਕ ਜ਼ੁਬਾਨੀ (ਸਫ਼ਾਰਤੀ) ਨੋਟ ਭੇਜਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਨਿਆਂਇਕ ਪ੍ਰਕਿਰਿਆ ਲਈ ਉਨ੍ਹਾਂ ਨੂੰ ਇੱਥੇ ਵਾਪਸ ਭੇਜਿਆ ਜਾਦਾ ਚਾਹੀਦਾ ਹੈ।”