ਕੋਲਕਾਤਾ – ਬੰਗਾਲ ਦੇ ਪੂਰਬ ਮੇਦੀਨੀਪੁਰ ਜ਼ਿਲ੍ਹੇ ਦੇ ਖੇਜੁਰੀ ’ਚ ਬੰਬ ਬੰਨ੍ਹਦੇ ਸਮੇਂ ਹੋਏ ਧਮਾਕੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਮਰਨ ਵਾਲੇ ਦੋਵੇਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਸਮਰਥਕ ਦੱਸੇ ਜਾ ਰਹੇ ਹਨ। ਉਨ੍ਹਾਂ ’ਚੋਂ ਕਿ ਦੀ ਪਛਾਣ ਅਨੂਪ ਦਾਸ ਦੇ ਰੂਪ ’ਚ ਹੋਈ ਹੈ, ਜਦਕਿ ਖ਼ਬਰ ਲਿਖੇ ਜਾਣ ਤੱਕ ਦੂਜੇ ਦੀ ਪਛਾਣ ਨਹੀਂ ਹੋ ਸਕੀ ਸੀ। ਦੋਵਾਂ ਜ਼ਖ਼ਮੀਆਂ ਨੂੰ ਤਮਲੁਕ ਜ਼ਿਲ੍ਹਾ ਸਦਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸ ਘਟਨਾ ’ਤੇ ਖੇਜੁਰੀ ’ਚ ਸਿਆਸੀ ਤਣਾਅ ਫੈਲ ਗਿਆ ਹੈ। ਤ੍ਰਿਣਮੂਲ ਕਾਂਗਰਸ ਤੇ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਵਰਕਰ ਕਈ ਥਾਵਾਂ ’ਤੇ ਭਿੜ ਗਏ। ਟੀਐੱਮਸੀ ਨੇਤਾ ਸੁਪ੍ਰਕਾਸ਼ ਗਿਰੀ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ। ਬੰਬ ਬੰਨ੍ਹਦੇ ਸਮੇਂ ਇਹ ਘਟਨਾ ਵਾਪਰੀ ਜਾਂ ਕਿਸੇ ਨੇ ਸਾਜ਼ਿਸ਼ ਤਹਿਤ ਉੱਥੇ ਬੰਬ ਰੱਖ ਕੇ ਧਮਾਕਾ ਕਰਵਾਇਆ ਹੈ, ਇਸ ਦਾ ਪਤਾ ਲਗਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਇਸ ਘਟਨਾ ’ਚ ਜੇਕਰ ਟੀਐੱਮਸੀ ਦੇ ਕਿਸੇ ਨੇਤਾ ਤੇ ਵਰਕਰ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਵੱਡੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਖੇਜੁਰੀ ਤੋਂ ਭਾਜਪਾ ਵਿਧਾਇਕ ਸ਼ਾਂਤਨੂ ਪ੍ਰਮਾਣਿਕ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਤੋਂ ਘਟਨਾ ਸਤਾਨ ’ਤੇ ਟੀਐੱਮਸੀ ਦੇ ਲੋਕ ਕਿਸੇ ਨੂੰ ਜਾਣ ਨਹੀਂ ਦੇ ਰਹੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਹਿਲੀ ਜਨਵਰੀ ਨੂੰ ਆਪਣੇ ਸਥਾਪਨਾ ਦਿਵਸ ਤੋਂ ਹੀ ਟੀਐੱਮਸੀ ਦੇ ਲੋਕ ਭਾਜਪਾਈਆਂ ’ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਦੀ ਪਾਰਟੀ ਦੇ ਅੱਠ ਲੋਕ ਜ਼ਖ਼ਮੀ ਹੋ ਕੇ ਹਸਪਤਾਲ ’ਚ ਦਾਖ਼ਲ ਹਨ। ਭਾਜਪਾ ਵਿਧਾਇਕ ਨੇ ਅੱਗੇ ਕਿਹਾ ਕਿ ਬੰਬ ਧਮਾਕੇ ਵਾਲੀ ਥਾਂ ਤੋਂ ਕੁਝ ਹੀ ਦੂਰੀ ’ਤੇ ਥਾਣਾ ਹੈ, ਪਰ ਹੁਣ ਤੱਕ ਪੁਲਿਸ ਵੱਲੋਂ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਜਪਾ ਦੇ ਨੇਤਾ-ਸਮਰਥਕਾਂ ’ਤੇ ਹਮਲੇ ਦੇ ਮਾਮਲਿਆਂ ’ਚ ਪੁਲਿਸ ਕੋਈ ਸਰਗਰਮੀ ਨਹੀਂ ਦਿਖਾ ਰਹੀ ਤੇ ਦੋਸ਼ੀਆਂ ਖ਼ਿਲਾਫ਼ ਕੋਈ ਕਦਮ ਨਹੀਂ ਚੁੱਕ ਰਹੀ।