ਕੋਲਕਾਤਾ – ਉਮੀਦਵਾਰਾਂ ਦੀ ਸੂਚੀ ਨੂੰ ਲੈ ਕੇ ਵਿਵਾਦ ਅਤੇ ਇਕ ਵਿਅਕਤੀ ਇਕ ਅਹੁਦੇ ਦੇ ਮੁੱਦੇ ‘ਤੇ ਪਾਰਟੀ ਵਿਚ ਮਤਭੇਦ ਦੇ ਬਾਵਜੂਦ, ਪੱਛਮੀ ਬੰਗਾਲ ਵਿਚ ਸੱਤਾਧਾਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਆਪਣੀਆਂ ਚਾਰ ਨਗਰ ਨਿਗਮਾਂ- ਵਿਧਾਨ ਨਗਰ, ਚੰਦਨਨਗਰ, ਆਸਨਸੋਲ ਅਤੇ ਸਿਲੀਗੁੜੀ ਨੂੰ ਬਰਕਰਾਰ ਰੱਖਿਆ ਹੈ। ਇਨ੍ਹਾਂ ਚਾਰ ਨਿਗਮਾਂ ਲਈ 12 ਫਰਵਰੀ ਨੂੰ ਵੋਟਾਂ ਪਈਆਂਸਨ ਅਤੇ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਕੀਤੀ ਗਈ। ਚੋਣਾਂ ਨੂੰ ਲੈ ਕੇ ਵਿਰੋਧੀ ਧਿਰ ਦਾ ਸੂਪੜਾ ਲਗਭਗ ਸਾਫ਼ ਹੋ ਗਿਆ ਹੈ। ਖਾਸ ਤੌਰ ‘ਤੇ ਸਿਲੀਗੁੜੀ ਨਗਰ ਨਿਗਮ ‘ਚ ਤ੍ਰਿਣਮੂਲ ਕਾਂਗਰਸ ਦੀ ਜਿੱਤ ਮਹੱਤਵਪੂਰਨ ਹੈ ਕਿਉਂਕਿ ਪਾਰਟੀ ਨੇ ਪਹਿਲੀ ਵਾਰ ਇਸ ‘ਤੇ ਜਿੱਤ ਹਾਸਲ ਕੀਤੀ ਹੈ।
ਸੂਬੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਲਹਿਰ ਦੇ ਬਾਵਜੂਦ ਹੁਣ ਤੱਕ ਉੱਥੇ ਖੱਬੇ ਮੋਰਚੇ ਦਾ ਕਬਜ਼ਾ ਸੀ। ਸਾਬਕਾ ਮੰਤਰੀ ਅਤੇ ਸਿਲੀਗੁੜੀ ਦੇ ਮੇਅਰ, ਸੀਪੀਐਮ ਨੇਤਾ ਅਸ਼ੋਕ ਭੱਟਾਚਾਰੀਆ ਵੀ ਚੋਣ ਹਾਰ ਗਏ ਹਨ। ਨਤੀਜਿਆਂ ਦੇ ਐਲਾਨ ਦੇ ਦੌਰਾਨ ਸਿਲੀਗੁੜੀ ਪਹੁੰਚੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਆਸਨਸੋਲ, ਬਿਧਾਨਨਗਰ, ਸਿਲੀਗੁੜੀ ਅਤੇ ਚੰਦਨ ਨਗਰ ਦੇ ਲੋਕਾਂ ਨੂੰ ਨਗਰ ਨਿਗਮ ਚੋਣਾਂ ਵਿੱਚ ਟੀਐਮਸੀ ਉਮੀਦਵਾਰਾਂ ਨੂੰ ਵੋਟ ਪਾਉਣ ਲਈ ਵਧਾਈ ਦਿੱਤੀ। ਦੂਜੇ ਪਾਸੇ ਵਿਰੋਧੀ ਪਾਰਟੀਆਂ ਨੇ ਚੋਣਾਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਦਾ ਦੋਸ਼ ਲਾਉਂਦਿਆਂ ਮੁੜ ਚੋਣਾਂ ਦੀ ਮੰਗ ਕੀਤੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਕਿ ਵੋਟਿੰਗ ਦੌਰਾਨ ਹਰ ਪਾਸੇ ਧਾਂਦਲੀ ਹੋਈ। ਇਹ ਚੋਣਾਂ ਦੇ ਨਾਂ ‘ਤੇ ਡਰਾਮਾ ਹੈ।