Punjab

ਬੰਦੀਛੋੜ ਦਿਵਸ ’ਤੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥ ਦੇ ਨਾਂ ਦਿੱਤਾ ਸੰਦੇਸ਼

ਅੰਮ੍ਰਿਤਸਰ – ਸਰਬਤ ਖ਼ਾਲਸਾ ਦੁਆਰਾ ਨਾਮਜ਼ਦ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਪੰਥਕ ਏਕਤਾ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਅਕਾਲੀ ਧੜਿਆਂ ਨੂੰ ਅਪੀਲ ਕਰਦੇ ਹਨ ਕਿ ਕਦੇ ਸਿੱਖ ਮਿਸਲਾਂ ਦਾ ਇਤਿਹਾਸ ਪੜ੍ਹਨ ਦਾ ਯਤਨ ਕਰੋ। ਫਿਰ ਸਮਝ ਆਵੇਗਾ ਕਿ ਆਖਿਰ ਖੁਆਰੀਆਂ ਤੋਂ ਬਾਅਦ ਇੱਕ ਹੋਣਾ ਹੀ ਪੈਂਦਾ ਹੈ ਅਤੇ ਜਦੋਂ ਏਕਤਾ ਹੁੰਦੀ ਹੈ ਤਾਂ ਮਜ਼ਬੂਤ ਰਾਜ ਵੀ ਬਣਦੇ ਹਨ। ਇਸ ਲਈ ਅੱਜ ਆਪਣੇ ਨਿੱਜੀ ਹਿਤਾਂ ਜਾਂ ਵਖਰੇਵਿਆਂ ਨੂੰ ਤਿਆਗਦਿਆਂ,ਪੰਥ ਦੇ ਵਡੇਰੇ ਹਿਤਾਂ ਲਈ ਅਤੇ ਕੰਮ ਦੇ ਭਵਿੱਖ ਨੂੰ ਬਚਾਉਣ ਵਾਸਤੇ ਮੱਤਭੇਦ ਭੁਲਾਕੇ ਪੰਥਕ ਨਿਸ਼ਾਨ ਸਾਹਿਬ ਹੇਠ ਇਕੱਤਰ ਹੋਕੇ,ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ ਕਮਰਕੱਸਾ ਕਰੀਏ। ਅੱਜ ਬੰਦੀ ਛੋੜ ਦਿਵਸ ਮੌਕੇ ਪੰਥ ਦੇ ਨਾਮ ਜਾਰੀ ਸੰਦੇਸ਼ ਵਿਚ ਭਾਈ ਮੰਡ ਨੇ ਕਿਹਾ ਕਿ ਇਸ ਵਾਰ ਜਿਹਨਾਂ ਦਿਨਾਂ ਵਿੱਚ ਦੀਵਾਲੀ ਆਈ ਹੈ,ਇਹਨਾਂ ਦਿਨਾਂ ਵਿੱਚ ਹੀ ਸਾਡੇ ਕੌਮੀਂ ਯੋਧਿਆਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੇ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਨ ਦੇ ਹੁਕਮ ਦੇਣ ਵਾਲੀ ਹੁਕਮਰਾਨ ਇੰਦਰਾ ਗਾਂਧੀ ਨੂੰ ਸੋਧਿਆ ਸੀ। ਇਸ ਤੋਂ ਬਾਅਦ ਭਾਰਤ ਦੀ ਹਕੂਮਤ ਦੀ ਸ਼ਹਿ ਨਾਲ ਅਤੇ ਪੁਲਿਸ ਤੇ ਹੋਰ ਸੁਰੱਖਿਆ ਦਸਤਿਆਂ ਦੀ ਮਦਦ ਨਾਲ, ਭਾਰਤੀ ਬਹੁਗਿਣਤੀ ਦੇ ਗੁੰਡਿਆਂ ਨੇ ਤਿੰਨ ਦਿਨ ਦਿੱਲੀ ਅਤੇ ਭਾਰਤ ਦੇ ਹੋਰ ਸੂਬਿਆਂ ਜਾਂ ਸ਼ਹਿਰਾਂ ਵਿੱਚ ਸਿੱਖਾਂ ਦਾ ਦਿਨ ਦਿਹਾੜੇ ਕਤਲੇਆਮ ਕਰਕੇ ਨਸਲਕੁਸ਼ੀ ਕੀਤੀ। ਇੰਦਰਾ ਗਾਂਧੀ ਦੇ ਕਤਲ ਦਾ ਫੈਸਲਾ ਤਾਂ ਸਾਢੇ ਚਾਰ ਸਾਲਾਂ ਵਿੱਚ ਹੀ ਹੋ ਗਿਆ ਅਤੇ ਸਿੱਖਾਂ ਨੂੰ ਫਾਂਸੀ ਦੇ ਦਿੱਤੀ ਗਈ। ਪ੍ਰੰਤੂ 31 ਅਕਤੂਬਰ ਰਾਤ ਤੋਂ ਲੈਕੇ 3 ਨਵੰਬਰ ਤੱਕ ਵਾਪਰੀਆਂ ਇਹਨਾਂ ਦੁਰਘਟਨਾਵਾਂ ਨੂੰ 40 ਸਾਲ ਬੀਤ ਚੁੱਕੇ ਹਨ। ਪ੍ਰੰਤੂ ਹਾਲੇ ਤੱਕ ਇੰਨਸਾਫ ਨਹੀਂ ਮਿਲਿਆ। ਇਸ ਵਿੱਚ ਜਿੱਥੇ ਭਾਰਤ ਸਰਕਾਰ ਦੀਆਂ ਦਿੱਲੀ ਤੇ ਰਾਜ ਕਰਨ ਵਾਲੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਸਾਜ਼ਿਸ਼ ਤਾਂ ਹੈ ਹੀ ਪ੍ਰੰਤੂ ਨਾਲ ਨਾਲ ਸਿੱਖ ਪੰਥ ਵਿਚਲੀ ਧੜੇਬੰਦੀ ਵੀ ਕਿਸੇ ਹੱਦ ਤੱਕ ਜਿੰਮੇਵਾਰ ਹੈ। ਜਥੇਦਾਰ ਮੰਡ ਨੇ ਕਿਹਾ ਕਿ ਇੱਕ ਧਿਰ ਵੱਲੋਂ ਦਰਬਾਰ ਸਾਹਿਬ ਉੱਤੇ ਫੌਜ਼ੀ ਹਮਲਾ ਕਰਕੇ ਜਾਂ ਦਿੱਲੀ ਸਮੇਤ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਜਾਂ ਪੰਜਾਬ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਕੇ ਨਸਲਕੁਸ਼ੀ ਕੀਤੀ ਗਈ। ਪ੍ਰੰਤੂ ਦੂਜੀ ਧਿਰ ਵੱਲੋਂ ਸਿੱਖਾਂ ਦਾ ਸੱਤ ਸਮੁੰਦਰੋਂ ਪਾਰ ਤੱਕ ਪਿੱਛਾ ਕਰਕੇ, ਉਹਨਾਂ ਨੂੰ ਮਾਰਨਾ ਸਿੱਖ ਪੰਥ ਦੇ ਭਵਿੱਖ ਅਤੇ ਹੋਂਦ ਉੱਤੇ ਵੱਡਾ ਸਵਾਲੀਆ ਨਿਸ਼ਾਨ ਲਾਉਂਦਾ ਹੈ। ਸਿੱਖ ਸੰਸਥਾਵਾਂ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਤੋਂ ਭੱਜ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਵੱਲੋਂ ਤਖਤਾਂ ਦੇ ਜਥੇਦਾਰਾਂ ਦੇ ਅਧਿਕਾਰਾਂ ਵਿੱਚ ਦਖਲ ਦੇਕੇ ਸਿੱਖ ਸਿਧਾਂਤਾਂ ਦਾ ਮਲੀਆਮੇਟ ਕੀਤਾ ਜਾ ਰਿਹਾ ਹੈ। ਕੋਈ ਵੀ ਸੰਪਰਦਾ ਜਾਂ ਪੰਥਕ ਜਥੇਬੰਦੀ ਅੱਜ ਆਪਣੇ ਫਰਜ਼ ਨਹੀਂ ਨਿਭਾਅ ਰਹੀ। ਨਾ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਫਿਕਰ ਹੈ। ਨਾ ਕਿਸੇ ਨੂੰ ਸਿੱਖਾਂ ਦੇ ਪੰਜਾਬ ਛੱਡਣ ਦੀ ਕੋਈ ਚਿੰਤਾ ਹੈ ਅਤੇ ਨਾ ਹੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਵਸਾਏ ਜਾ ਰਹੇ ਗ਼ੈਰਪੰਜਾਬੀਆਂ ਵੱਲ ਕੋਈ ਤਵੱਜੋ ਦਿੱਤੀ ਜਾ ਰਹੀ ਹੈ। ਉਹਨਾਂ ਅਗੇ ਕਿਹਾ ਕਿ ਦਾਸ ਆਪਣੀ ਅੱਜ ਦੇ ਦਿਹਾੜੇ ਤੇ ਕਿਸੇ ਕਿਸਮ ਦੀ ਵਧਾਈ ਦੇਣ ਥਾਂ ਨਵੰਬਰ 1984 ਅਤੇ ਸਿੱਖ ਕੌਮ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ।

Related posts

ਪੰਜਾਬ ਦੇ ਪੇਂਡੂ ਇਲਾਕਿਆਂ ’ਚ ਸੁਧਾਰ ਲਈ ਪੇਂਡੂ ਵਿਕਾਸ ਬਲਾਕਾਂ ਦਾ ਪੁਨਰਗਠਨ ਹੋਵੇਗਾ !

admin

350ਵੇਂ ਸ਼ਹੀਦੀ ਦਿਹਾੜੇ ‘ਤੇ ਪੰਜਾਬ ਸਰਕਾਰ 4 ਧਾਰਮਿਕ ਯਾਤਰਾਵਾਂ ਅਤੇ ਵੱਡੇ ਸਮਾਗਮ ਆਯੋਜਿਤ ਕਰੇਗੀ !

admin

ਯੁੱਧ ਐਨ ਪੀ ਐਸ ਵਿਰੁੱਧ ਤਹਿਤ 1 ਅਗਸਤ ਨੂੰ ਰੋਸ ਮਾਰਚ ਕੀਤਾ ਜਾਵੇਗਾ !

admin