ਮੁੰਬਈ – ਮੁੰਬਈ-ਪੁਣੇ ਐਕਸਪ੍ਰੈਸਵੇਅ ’ਤੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਦੇ ਟਰੈਕਟਰ ਨਾਲ ਟਕਰਾ ਜਾਣ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 42 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਬੱਸ ’ਚ 54 ’ਵਰਕਾਰੀਆਂ’ (ਭਗਵਾਨ ਵਿੱਠਲ ਦੇ ਸ਼ਰਧਾਲੂ) ਸਵਾਰ ਸਨ, ਜੋ ਆਸ਼ਾਢੀ ਇਕਾਦਸ਼ੀ ਦੇ ਜਸ਼ਨ ’ਚ ਹਿੱਸਾ ਲੈਣ ਲਈ ਮੁੰਬਈ ਨੇੜੇ ਠਾਣੇ ਜ਼ਿਲ੍ਹੇ ’ਚ ਸਥਿਤ ਆਪਣੇ ਜੱਦੀ ਸ਼ਹਿਰ ਡੋਂਬੀਵਾਲੀ ਤੋਂ ਪੰਢਰਪੁਰ ਜਾ ਰਹੇ ਸਨ।
ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਨਵੀਂ ਮੁੰਬਈ ਦੇ ਪਨਵੇਲ ਨੇੜੇ ਅੱਧੀ ਰਾਤ ਦੇ ਕਰੀਬ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਬੱਸ ਨੇ ਐਕਸਪ੍ਰੈਸ ਵੇਅ ’ਤੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਪੁਲਿਸ ਦੇ ਡਿਪਟੀ ਕਮਿਸ਼ਨਰ ਵਿਵੇਕ ਪਨਸਾਰੇ ਨੇ ਦੱਸਿਆ ਕਿ ਬੱਸ ਵਿਚ ਸਵਾਰ ਤਿੰਨ ਅਤੇ ਟਰੈਕਟਰ ਵਿਚ ਸਫ਼ਰ ਕਰ ਰਹੇ 2 ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਔਰਤ ਵੀ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਕਿ ਟਰੈਕਟਰ ਨਾਲ ਟਕਰਾਉਣ ਤੋਂ ਬਾਅਦ ਬੱਸ ਐਕਸਪ੍ਰੈੱਸ ਵੇਅ ’ਤੇ ਬੈਰੀਅਰ ਨਾਲ ਟਕਰਾ ਗਈ ਅਤੇ 20 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ।
ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਸ਼ਰਧਾਲੂਆਂ ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 7 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਆਸ਼ਾਢੀ ਇਕਾਦਸ਼ੀ ਬੁੱਧਵਾਰ ਨੂੰ ਮਨਾਈ ਜਾਵੇਗੀ। ਹਰ ਸਾਲ ਲੱਖਾਂ ਵਾਰਕਰੀ ਪੰਢਰਪੁਰ ਦੀ ਯਾਤਰਾ ਕਰਦੇ ਹਨ, ਜਿੱਥੇ ਉਹਇਕਾਦਸ਼ੀ ਦੇ ਮੌਕੇ ’ਤੇ ਮਹਾਰਾਸ਼ਟਰ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਠੇ ਹੁੰਦੇ ਹਨ।