Punjab

ਭਗਵੰਤ ਮਾਨ ਦਾ ਕਾਂਗਰਸ ਹਮਲਾ, ਕਿਹਾ- ਲੋਕਾਂ ਦੇ ਫ਼ਤਵੇ ਨੂੰ ਪੈਰਾਂ ‘ਚ ਰੋਲ਼ ਰਹੀ ਹੈ ਕਾਂਗਰਸ ਸਰਕਾਰ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਸਰਕਾਰ ‘ਤੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਪੈਰਾਂ ‘ਚ ਰੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ 2017 ‘ਚ ਪੰਜਾਬ ਵਾਸੀਆਂ ਨਾਲ ਕੀਤੇ ਕਿਸੇ ਵੀ ਵਾਅਦੇ ‘ਤੇ ਖ਼ਰੀ ਨਾ ਉੱਤਰਨ ਵਾਲੀ ਕਾਂਗਰਸ ਪਾਰਟੀ ਨੂੰ ਅੱਗੇ ਤੋਂ ਸੂਬਾ ਵਾਸੀਆਂ ਕੋਲੋਂ ਫ਼ਤਵਾ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਮਾਨ ਨੇ ਕਿਹਾ ਕਿ ਕਾਂਗਰਸੀਆਂ ਨੇ ਪੰਜ ਸਾਲਾਂ ‘ਚ ਅਯਾਸ਼ੀਆਂ, ਮਾਫ਼ੀਆ ਰਾਜ ਅਤੇ ਆਪਸੀ ਕਾਟੋ- ਕਲੇਸ਼ ਤੋਂ ਬਿਨਾਂ ਪੰਜਾਬ ਵਿੱਚ ਕੁੱਝ ਨਹੀਂ ਕੀਤਾ। ਇਸੇ ਕਾਰਨ ਅੱਜ ਵੱਖ- ਵੱਖ ਵਰਗਾਂ ਨਾਲ ਸਬੰਧਿਤ 75 ਫ਼ੀਸਦੀ ਪੰਜਾਬ ਸੜਕਾਂ, ਚੌਂਕ ਚੌਰਾਹਿਆਂ, ਟੈਂਕੀਆਂ ਅਤੇ ਟਾਵਰਾਂ ‘ਤੇ ਧਰਨਾ ਲਾਈ ਬੈਠਾ ਹੈ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ, ”ਕਾਂਗਰਸ ਦੇ ਕਾਟੋ- ਕਲੇਸ਼ ‘ਚ ਪੰਜਾਬ ਅਤੇ ਪੰਜਾਬ ਦੇ ਲੋਕ ਪਿਸ ਰਹੇ ਹਨ। ਸਰਕਾਰ ਤਮਾਸ਼ਾ ਬਣ ਕੇ ਰਹਿ ਗਈ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਨੀਲ ਜਾਖੜ ਨਾਲ ਨਹੀਂ ਬਣਦੀ। ਸੁਨੀਲ ਜਾਖੜ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਨਹੀਂ ਬਣਦੀ। ਬਾਜਵਾ ਦੀ ਸੁਖਜਿੰਦਰ ਸਿੰਘ ਰੰਧਾਵਾ ਨਾਲ, ਰੰਧਾਵਾ ਦੀ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਬਣਦੀ ਅਤੇ ਨਵਜੋਤ ਸਿੱਧੂ ਦੀ ਕਿਸੇ ਨਾਲ ਵੀ ਨਹੀਂ ਬਣਦੀ।”ਇਸ ਸਮੇਂ ਉਨ੍ਹਾਂ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਮਲਵਿੰਦਰ ਸਿੰਘ ਕੰਗ ਵੀ ਬੈਠੇ ਸਨ। ਮਾਨ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਪੰਜਾਬ ਆਗੂਆਂ ‘ਚ ਤਾਲਮੇਲ ਕਰਨ ਲਈ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਤਾਲਮੇਲ ਕਮੇਟੀ ਦੀ ਚੇਅਰਮੈਨ ਬਣਾਇਆ ਹੈ, ਪਰ ਕਾਂਗਰਸ ‘ਚ ਨਾ ਤਾਲ ਹੈ ਅਤੇ ਨਾ ਮੇਲ ਹੈ। ਆਪਸ ਵਿੱਚ ਲੜ ਰਹੇ ਕਾਂਗਰਸੀ ਆਗੂ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਕੋਈ ਚੰਗਾ ਭਵਿੱਖ ਨਹੀਂ ਦੇ ਸਕਦੇ।ਭਗਵੰਤ ਮਾਨ ਨੇ ਕਿਹਾ, ”ਮੈਂ ਬਤੌਰ ‘ਆਪ’ ਦਾ ਸੂਬਾ ਪ੍ਰਧਾਨ ਅਤੇ ਵਿਰੋਧੀ ਧਿਰ ਵਜੋਂ ਦਾਅਵਾ ਕਰਦਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਫ਼ਤਵੇ ਨੂੰ ਪੈਰਾਂ ‘ਚ ਰੋਲ਼ ਕੇ ਰੱਖ ਦਿੱਤਾ, ਜਿਸ ਦੀ ਉਦਾਹਰਨ ਹੋਰ ਕਿਧਰੇ ਨਹੀਂ ਮਿਲਦੀ। ਕਾਂਗਰਸ ਨੇ ਸਰਕਾਰ ਦਾ ਵੀ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਕਿਸੇ ਨੂੰ ਨਹੀਂ ਪਤਾ ਕਿ ਪੰਜਾਬ ਵਿੱਚ ਸਰਕਾਰ ਕੌਣ ਚਲਾ ਰਿਹਾ ਹੈ। ਰਾਤੋਂ- ਰਾਤ ਅਧਿਕਾਰੀ ਬਦਲ ਜਾ ਰਹੇ ਹਨ। ਦੋ- ਦੋ ਵਾਰ ਏ.ਜੀ ਅਤੇ ਡੀ.ਜੀ.ਪੀ ਬਦਲੇ ਗਏ ਹਨ।”ਇੱਕ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨਾਲ ਬੈਠਕਾਂ ਕਰਨ ਤੋਂ ਭੱਜ ਰਹੀ ਹੈ, ਤਰੀਕਾਂ ਬਦਲ ਰਹੀ ਹੈ ਕਿਉਂਕਿ ਕਾਂਗਰਸ ਨੇ ਆਪਣੇ ਵਾਅਦਿਆਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ- ਮਜ਼ਦੂਰਾਂ ਦੇ ਕਰਜ਼ ਮੁਆਫ਼ੀ, ਘਰ- ਘਰ ਰੋਜ਼ਗਾਰ ਦੇਣ ਸਮੇਤ ਡਰੱਗ, ਰੇਤ, ਸ਼ਰਾਬ, ਕੇਬਲ, ਟਰਾਂਸਪੋਰਟ ਅਤੇ ਬਿਜਲੀ ਮਾਫ਼ੀਆ ਆਦਿ ਮਾਮਲਿਆਂ ‘ਚ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਾਂਗਰਸ ਸਰਕਾਰ ‘ਤੇ ਤੰਜ ਕੀਤਾ ਕਿ ਸਿਰਫ਼ ਅਲੀ ਬਾਬਾ ਬਦਲਿਆ, 40 ਚੋਰ ਨਹੀਂ। ਮੁੱਖ ਮੰਤਰੀ ਦੇ ਹਲਕੇ ‘ਚ ਅੱਜ ਵੀ ਸ਼ਰੇਆਮ ਰੇਤ ਮਾਫ਼ੀਆ ਕੰਮ ਕਰ ਰਿਹਾ ਹੈ। ਇਨ੍ਹਾਂ ਖੱਡਾਂ ‘ਤੇ ਪੱਤਰਕਾਰਾਂ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਮਾਫ਼ੀਆ ਰਾਜ ਚਲਾਉਣ ਲਈ ਇਹ ਸਭ ਆਪਸ ‘ਚ ਮਿਲੇ ਹੋਏ ਹਨ।ਭਗਵੰਤ ਮਾਨ ਨੇ ਮੰਤਰੀਆਂ ਦੇ ਕੰਮਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਰਾਜਾ ਵੜਿੰਗ ਵੀ ਵਾਹ- ਵਾਹ ਖੱਟਣ ਲਈ ਟਰਾਂਸਪੋਰਟ ਮਾਫ਼ੀਆ ਖ਼ਿਲਾਫ਼ ਕੱਚੀ- ਪਿੱਲੀ ਕਾਰਵਾਈ ਕਰ ਰਹੇ ਹਨ। ਗ੍ਰਹਿ ਮੰਤਰੀ ਸੁੱਖੀ ਰੰਧਾਵਾ ਨਾਕਿਆਂ ‘ਤੇ ਜਾ ਕੇ ਥਾਣੇਦਾਰਾਂ ਨੂੰ ਸਸਪੈਂਡ ਕਰ ਰਹੇ ਹਨ। ਹੋਰ ਤਾਂ ਹੋਰ ਮੁੱਖ ਮੰਤਰੀ ਚੰਨੀ ਕੋਲ ਜਦੋਂ ਅਧਿਆਪਕ ਪੱਕੇ (ਰੈਗੂਲਰ) ਕਰਨ ਦੀ ਦਰਖਾਸਤ ਲੈ ਕੇ ਜਾਂਦੇ ਹਨ ਤਾਂ ਮੁੱਖ ਮੰਤਰੀ ਚੰਨੀ ਕਹਿੰਦੇ ਹਨ, ”ਹਮੇਂ ਤਾਂ ਆਪ ਕੱਚੇ ਮੁੱਖ ਮੰਤਰੀ ਹੋਵਾਂ, ਥੋਨੂੰ ਕਿਆ ਪੱਕੇ ਕਰਾਂ।” ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਦਫ਼ਤਰੀ ਪੱਧਰ ‘ਤੇ ਫ਼ੈਸਲੇ ਲੈਣ ਅਤੇ ਲਾਗੂ ਕਰਨ ਦਾ ਕੰਮ ਕੋਈ ਨਹੀਂ ਕਰ ਰਿਹਾ। ਸਰਕਾਰ ਬਿਨਾਂ ਡਰਾਈਵਰ ਬੱਸ ਵਾਂਗੂ ਚੱਲ ਰਹੀ ਹੈ, ਪਤਾ ਨਹੀਂ ਕਿੱਥੇ ਜਾ ਕੇ ਡਿੱਗੇਗੀ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin