ਭਾਈ ਬਲਵੰਤ ਸਿੰਘ ਰਾਜੋਆਣਾ ਕੇਸ ਦੇ ਵਿੱਚ ਉਮੀਦਾਂ ਦੇ ਬਾਵਜੂਦ ਵੀ ਕੱਲ੍ਹ ਕੋਈ ਫੈਸਲਾ ਨਾ ਹੋ ਸਕਿਆ। ਪਿਛਲੇ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਰਾਜੋਆਣਾ ਨੂੰ ਅਜੇ ਤੱਕ ਇੱਕ ਵੀ ਪਰੋਲ ਨਹੀਂ ਮਿਲੀ ਤੇ ਪਿਛਲੇ 18 ਸਾਲਾਂ ਤੋਂ ਉਹ ਫਾਂਸੀ ਦੀ ਸਜ਼ਾ ਦੇ ਫੈਸਲੇ ਤੋਂ ਬਾਅਦ ਫਾਂਸੀ ਚੱਕੀਆਂ ਵਿੱਚ ਕੱਟ ਰਿਹਾ ਹੈ। ਕਰੀਬ ਪੰਜ ਸਾਲਾਂ ਤੋਂ ਉਨ੍ਹਾਂ ਨੇ ਆਪਣੇ ਮਾਮਲੇ ਦਾ ਜਲਦੀ ਫੈਸਲਾ ਕਰਨ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਪਾਈ ਹੋਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਪਾਈ ਗਈ ਸੀ। ਪਿਛਲੇ ਦਿਨੀਂ 15 ਤਰੀਕ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਇਸ ਮਾਮਲੇ ਵਿੱਚ ਹਰ ਹਾਲਤ ਵਿੱਚ ਜਵਾਬ ਦਿੱਤਾ ਜਾਵੇ ਨਹੀਂ ਤਾਂ ਕੋਰਟ ਆਪ ਸੁਣਵਾਈ ਕਰੇਗੀ। ਪਰ ਕੱਲ੍ਹ ਵੀ ਕੇਸ ਇਨ-ਲਿਸਟ ਨਹੀਂ ਕੀਤਾ ਗਿਆ ਅਤੇ ਹੁਣ ਇਸ ਮਾਮਲੇ ਦੀ ਅਗਲੀ ਤਰੀਕ ਪੈ ਚੁੱਕੀ ਹੈ।
ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ, “ਤਰੀਕਾਂ ਤੇ ਤਰੀਕਾਂ ਪਾਉਣ ਦੇ ਨਾਲ ਸਿੱਖ ਭਾਵਨਾਵਾਂ ਨੂੰ ਡੂੰਘੀ ਚੋਟ ਪਹੁੰਚ ਰਹੀ ਹੈ। ਰਾਜੋਆਣਾ ਸਾਹਿਬ ਪਹਿਲਾਂ ਹੀ ਆਪਣੀ ਸਜ਼ਾ ਦਾ ਸਮਾਂ ਪੂਰਾ ਕਰ ਚੁੱਕੇ ਹਨ ਪਰ ਫਿਰ ਵੀ ਮਾਮਲਾ ਲਟਕਾਇਆ ਜਾ ਰਿਹਾ ਹੈ, ਜਿਸ ਕਾਰਣ ਸਿੱਖ ਮਨਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਤੇ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।”