ਰੂਪਨਗਰ – ਅੱਜ ਸਵੇਰੇ ਤਕਰੀਬਨ 10 ਵਜੇ ਘਨੌਲੀ ਨੇੜੇ ਪਿੰਡ ਅਹਿਮਦਪੁਰ ਦੇ ਭਾਖੜਾ ਨਹਿਰ ਦੇ ਪੁਲ ਤੇ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਘਨੌਲੀ ਵੱਲ ਤੋਂ ਰੋਪੜ ਨੂੰ ਜਾਣ ਲਈ ਇਕ ਕਾਰ RJ23CD – 3877 ਤੇ ਇਕ ਤੇਜ ਰਫਤਾਰ ਬੱਸ ਨੰਬਰ PB19M – 2225 ਨੇ ਕਾਰ ਨੂੰ ਪਿਛੇ ਤੋਂ ਟੱਕਰ ਮਾਰ ਕੇ ਨਹਿਰ ਦੇ ਪੁੱਲ ਦੀ ਰੇਲਿੰਗ ਤੋੜ ਕੇ ਭਾਖੜਾ ਨਹਿਰ ਵਿਚ ਸੁੱਟ ਦਿੱਤਾ। ਇਸ ਮੌਕੇ ਭਾਖੜਾ ਨਹਿਰ ਦੇ ਉਤੇ ਖੜੇ ਲੋਕਾਂ ਨੇ ਰੋਲਾ ਪਾਇਆ ਤੇ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਭਾਖੜਾ ਨਹਿਰ ਤੇ ਮੌਜੂਦ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਕੁੱਝ ਸਮੇਂ ਦੌਰਾਨ ਹੀ ਪੁਲਿਸ ਅਧਿਕਾਰੀ ਉਥੇ ਪਹੁੰਚੇ ਤੇ ਉਹਨਾਂ ਨੇ ਮੌਕੈ ਤੇ ਹੁਣ ਗੋਤਾਖੋਰਾਂ ਨੂੰ ਬੁਲਾਇਆ ਤੇ ਸਰਚ ਅਭਿਆਨ ਸ਼ੁਰੂ ਕੀਤਾ ।ਗੋਤਾਖੋਰਾਂ ਦੀ ਕੜੀ ਮਿਹਨਤ ਤੋਂ ਬਾਅਦ ਗੱਡੀ ਨੂੰ ਲੱਭਿਆ ਗਿਆ ਤੇ ਲੱਭਣ ਉਪਰੰਤ ਕਰੇਨ ਦੇ ਜਰੀਏ ਗੱਡੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤੇ ਗੋਤਾਖੋਰਾਂ ਨੂੰ ਗੱਡੀ ਦੇ ਅੰਦਰ ਤੋਂ ਪੰਜ ਲਾਸ਼ਾਂ ਵੀ ਬਰਾਮਦ ਹੋਈਆਂ ਤੇ ਜਿਨਾਂ ਵਿਚੋਂ 2 ਮਹਿਲਾਵਾਂ ਤੇ 3 ਮਰਦਾਂ ਦੀਆਂ ਲਾਸ਼ਾਂ ਸਨ ਜੋ ਕਿ ਗੱਡੀ ਚ ਪਾਣੀ ਭਰਨ ਦੇ ਕਾਰਨ ਗੱਡੀ ਵਿੱਚ ਹੀ ਆਪਣਾਂ ਦਮ ਤੋੜ ਗਏ। ਇਸ ਮੌਕੇ ਤੇ ਰੋਪੜ ਦੇ ਡੀ ਐਸ ਪੀ ਰਵਿੰਦਰਪਾਲ ਸਿੰਘ ਪਹੁੰਚੇ ਤੇ ਉਹਨਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾਂ ਨੂੰ ਜਿਵੇਂ ਹੀ ਇਸ ਘਟਨਾਕ੍ਰਮ ਦਾ ਪੱਤਾ ਲੱਗਿਆ ਤਾਂ ਉਹਨਾਂ ਤੇ ਪੁਲਿਸ ਟੀਮ ਨੇ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਤੇ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਜਲਦ ਤੋਂ ਜਲਦ ਗੱਡੀ ਨੂੰ ਲੱਭ ਲਿਆ ਤੇ ਉਹਨਾਂ ਨੂੰ ਅਫਸੋਸ ਕਿ ਉਹ ਕੀਮਤੀ ਜਾਨਾਂ ਨਹੀਂ ਬਚਾਅ ਸਕੇ ।ਉਹਨਾਂ ਕਿਹਾ ਕਿ ਉਹਨਾਂ ਦੇ ਪੜਤਾਲ ਕਰਨ ਤੋਂ ਬਾਅਦ ਪੱਤਾ ਲੱਗਿਆ ਕਿ ਇਹ ਗੱਡੀ ਰਾਜਸਥਾਨ ਦੀ ਹੈ ਤੇ ਗੱਡੀ ਵਿਚ ਜਾਣਕਾਰੀ ਅਨੁਸਾਰ 2 ਔਰਤਾਂ , 3 ਮਰਦ ਤੇ 2 ਬੱਚਿਆ ਦੇ ਸਵਾਰ ਹੋਣ ਦੀ ਜਾਣਕਾਰੀ ਮਿਲੀ ਉਹਨਾਂ ਦੱਸਿਆ ਕਿ ਮੌਕੇ ਤੋਂ ਗੱਡੀ ਦੇ ਅੰਦਰੋਂ 2 ਔਰਤਾਂ ਅਤੇ 3 ਮਰਦਾਂ ਦੀਆਂ ਲਾਸ਼ਾ ਹੀ ਬਰਾਮਦ ਹੋਈਆਂ ਤੇ 2 ਬੱਚੇ ਨਹੀਂ ਮਿਲੇ ।ਉਹਨਾਂ ਦੱਸਿਆ ਕਿ ਬੱਚਿਆਂ ਦੀ ਭਾਲ ਚ ਗੋਤਾਖੋਰ ਲੱਗੇ ਹੋਏ ਹਨ ਤੇ ਬੱਚਿਆਂ ਦੀ ਭਾਲ ਨਿਰੰਤਰ ਜਾਰੀ ਹੈ ਤੇ ਲਾਸ਼ਾ ਨੂੰ ਪਰਿਵਾਰਕ ਮੈਂਬਰ ਆਉਣ ਤੱਕ ਹੁਣ ਰੋਪੜ ਦੇ ਸਿਵਲ ਹਸਪਤਾਲ ਵਿਚ ਰੱਖਿਆ ਜਾਵੇਗਾ। ਇਸ ਮੌਕੇ ਉਹਨਾਂ ਦੱਸਿਆ ਕਿ ਬੱਸ ਦਾ ਡਰਾਈਵਰ ਘਟਨਾਂ ਵਾਲੇ ਸਥਾਨ ਤੇ ਬੱਸ ਛੱਡ ਕੇ ਭੱਜ ਗਿਆ ਤੇ ਪੁਲਿਸ ਵੱਲੋਂ ਬੱਸ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਬੱਸ ਡਰਾਈਵਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।