ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਬਣੀ ਸਾਂਝ ਨੂੰ ਸਿਆਸੀ ਮੌਕਾਪ੍ਰਸਤੀ ਕਰਾਰ ਦਿੰਦੇ ਹੋਏ ਕਿਹਾ ਕਿ ਲੋਕਾਂ ਦੀ ਕਚਹਿਰੀ ਇਨ੍ਹਾਂ ਮੌਕਾਪ੍ਰਸਤਾਂ ਨੂੰ ਅਮਲੀ ਰੂਪ ’ਚ ਸਮਝਾ ਦੇਵੇਗੀ ਕਿ ਇਕੱਲੀਆਂ ਸਿਫ਼ਰਾਂ ਜਿੰਨੀਆਂ ਮਰਜ਼ੀ ਜੁੜ ਜਾਣ, ਪਰ ਜੋੜ ਸਿਫ਼ਰ (ਜ਼ੀਰੋ) ਹੀ ਰਹੇਗਾ। ਮਾਨ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਉਹ (ਕੈਪਟਨ) ਪੰਜਾਬ ਦੇ ਲੋਕਾਂ ਨੂੰ ਕੋਈ ਇੱਕ ਕਾਰਨ ਜਾਂ ਵਜ੍ਹਾ ਦੱਸ ਦੇਣ ਕਿ ਲੋਕ ਇੱਕ ਵੀ ਵੋਟ ਉਨ੍ਹਾਂ ਨੂੰ ਕਿਉਂ ਦੇਣ? ਉਲਟਾ ਪੰਜਾਬ ਦੇ ਲੋਕ ਪੁੱਛਣ ਲਈ ਤਿਆਰ ਬਰ ਤਿਆਰ ਬੈਠੇ ਹਨ ਕਿ 2017 ’ਚ ਲੋਕਾਂ ਵੱਲੋਂ ਦਿੱਤੇ ਗਏ ਜ਼ਬਰਦਸਤ ਫ਼ਤਵੇ ਦੀ ਐਸੀ-ਤੈਸੀ ਕਰ ਕੇ ਕੈਪਟਨ ਸਾਢੇ ਚਾਰ ਸਾਲ ਆਪਣੇ ਸ਼ਾਹੀ ਫਾਰਮ ਹਾਊਸ ’ਚੋਂ ਬਾਹਰ ਕਿਉਂ ਨਹੀਂ ਨਿਕਲੇ? ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਅਤੇ ਆਗੂਆਂ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਅਜਿਹੀਆਂ ਕਿਹੜੀਆਂ ਮਜਬੂਰੀਆਂ ਅਤੇ ਸਿਆਸੀ ਭੁੱਖਾਂ ਹਨ ਕਿ ਉਹ ਅਜਿਹੀ ਭਾਜਪਾ ਦੀ ਗੋਦੀ ਵਿਚ ਬੈਠੇ ਰਹੇ ਹਨ ਜਿਸ ਨੂੰ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਅਤੇ ਪੰਥ ਦੀ ਦੁਸ਼ਮਣ ਜਮਾਤ ਦੱਸਦੇ ਸਨ। ਸੂਬਾ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਸ਼ਾਰਕ ਦੱਸਦੇ ਹੋਏ ਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ, ਲੋਕਤੰਤਰ ਅਤੇ ਆਪਸੀ ਭਾਈਚਾਰੇ ਦੇ ਨਾਲ-ਨਾਲ ਸਿਆਸੀ ਕਦਰਾਂ ਕੀਮਤਾਂ ਲਈ ਭਾਜਪਾ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੀ ਹੈ। ਪਰ ਖ਼ੁਸ਼ਕਿਸਮਤੀ ਇਹ ਹੈ ਕਿ ਪੰਜਾਬ ਦੀ ਜਨਤਾ ਭਾਜਪਾ ਦੇ ਮਾਰੂ ਨਿਜ਼ਾਮ ਤੋਂ ਹਮੇਸ਼ਾ ਚੁਕੰਨੀ ਰਹੀ ਹੈ ਅਤੇ ਭਵਿੱਖ ’ਚ ਹੋਰ ਵੀ ਸੁਚੇਤ ਰਹੇਗੀ, ਕਿਉਂਕਿ ਸੱਤਾ ਦੇ ਭੁੱਖੇ ਅਤੇ ਭ੍ਰਿਸ਼ਟਾਚਾਰ ’ਚ ਡੁੱਬੇ ‘ਪੰਜਾਬ ਦੇ ਡੋਗਰੇ’ ਭਾਜਪਾ ਦੇ ਮਾਰੂ ਰੱਥ ਸਵਾਰ ਹੋ ਰਹੇ ਹਨ ਅਤੇ ਆਪਣੇ ਅਸਲੀ ਚਿਹਰੇ ਨੰਗੇ ਕਰ ਰਹੇ ਹਨ। ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ, ਕੈਪਟਨ, ਬਾਦਲ ਅਤੇ ਚੋਣਾ ਦੇ ਮੱਦੇਨਜ਼ਰ ਖੁੰਭਾਂ ਵਾਂਗ ਉੱਗ ਰਹੀਆਂ ਇਨ੍ਹਾਂ ਦੀਆਂ ਏ, ਬੀ, ਸੀ ਟੀਮਾਂ ਅਗਲੇ 100 ਸਾਲਾਂ ’ਚ ਵੀ ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਸੁਧਾਰ ਅਤੇ ਸੰਵਾਰ ਨਹੀਂ ਸਕਦੀਆਂ, ਇਸ ਲਈ ਇਨ੍ਹਾਂ ਨੂੰ ਹੋਰ ਪਰਖਣ ਦੀ ਗ਼ਲਤੀ ਨਾ ਕੀਤੀ ਜਾਵੇ।