ਰਾਂਚੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਢਵਾ ਅਤੇ ਚਾਈਬਾਸਾ ’ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਝਾਰਖੰਡ ਦੇ ਨੌਜਵਾਨਾਂ ਨੂੰ ਮੌਜੂਦਾ ਹੇਮੰਤ ਸਰਕਾਰ ਨੇ ਨੌਕਰੀ ਤਾਂ ਨਹੀਂ ਦਿੱਤੀ ਪਰ ਪੇਪਰ ਲੀਕ ਕਰਵਾ ਕੇ ਜੀਵਨ ਬਰਬਾਦ ਕਰ ਦਿੱਤਾ। ਸ਼੍ਰੀ ਮੋਦੀ ਨੇ ਅੱਜ ਕਿਹਾ ਕਿ ਪੇਪਰ ਲੀਕ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਤਿੰਨ ਲੱਖ ਨਿਰਪੱਖ ਭਰਤੀਆਂ ਕਰਵਾਈਆਂ ਜਾਣਗੀਆਂ। ਚੌਲ ਦਾ ਐੱਮ.ਐੱਸ.ਪੀ. 3100 ਰੁਪਏ ਹੋਵੇਗਾ। ਪੰਚਾਇਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਆਦਿਵਾਸੀ ਸਮਾਜ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਭਾਜਪਾ ਨੇ ਇਸ ਲਈ ਵੱਖ ਮੰਤਰਾਲਾ ਬਣਾਇਆ ਹੈ। ਕਾਂਗਰਸ ਨੇ ਤਾਂ ਇਸ ਦੀ ਜ਼ਰੂਰਤ ਵੀ ਨਹੀਂ ਸਮਝੀ। ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਯੋਜਨਾ ਅਤੇ ਪੀਐੱਮ ਜਨਮਨ ਯੋਜਨਾ ’ਤੇ ਇਕ ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਜਾਰੀ ਹੋਏ ਪਾਰਟੀ ਦੇ ਸੰਕਲਪ ਪੱਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਜਪਾ ਝਾਰਖੰਡ ’ਚ ਚਾਰ ਗਾਰੰਟੀਆਂ ਨਾਲ ਚੋਣ ਮੈਦਾਨ ’ਚ ਉਤਰੀ ਹੈ। ਮੋਦੀ ਨੇ ਕਿਹਾ ਕਿ ਭਾਜਪਾ ਝਾਰਖੰਡ ’ਚ ਸਹੂਲਤ, ਸੁਰੱਖਿਆ ਅਤੇ ਖ਼ੁਸ਼ਹਾਲੀ ਦੀ ਗਾਰੰਟੀ ਨਾਲ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਮਾਵਾਂ, ਭੈਣਾਂ ਅਤੇ ਧੀਆਂ ਦੇ ਕਲਿਆਣ ਲਈ ਝਾਰਖੰਡ ਦੇ ਸੰਕਲਪ ਪੱਤਰ ’ਚ ਕਈ ਸੰਕਲਪ ਲਿਆਈ ਹੈ। ਉਨ੍ਹਾਂ ਨੇ ਗੋਗੋ ਦੀਦੀ ਯੋਜਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਅਧੀਨ ਹਰ ਔਰਤ ਨੂੰ 2100 ਰੁਪਏ ਦਿੱਤੇ ਜਾਣਗੇ। ਝਾਰਖੰਡ ’ਚ ਭਾਜਪਾ ਸਰਕਾਰ ਬਣਨ ਤੋਂ ਬਾਅਦ 500 ਰੁਪਏ ’ਚ ਗੈਸ ਸਿਲੰਡਰ ਦੇਵੇਗੀ। ਇਹੀ ਨਹੀਂ ਅਗਲੇ ਸਾਲ ਤੋਂ ਦੀਵਾਲੀ ਅਤੇ ਰੱਖੜੀ ’ਤੇ 2 ਮੁਫ਼ਤ ਸਿਲੰਡਰ ਵੀ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸੰਕਲਪ ਪੱਤਰ ਰੋਟੀ-ਬੇਟੀ-ਮਾਟੀ ਦੇ ਸਨਮਾਨ, ਸੁਰੱਖਿਆ ਅਤੇ ਖ਼ੁਸ਼ਹਾਲੀ ਲਈ ਸਮਰਪਿਤ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਝਾਮੁਮੋ ਨੇ ਚੰਪਾਈ ਸੋਰੇਨ ਨੂੰ ਅਪਮਾਨਤ ਕੀਤਾ। ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਦਿੱਤਾ। ਇਹ ਆਦਿਵਾਸੀ ਦਾ ਅਪਮਾਨ ਨਹੀਂ ਹੈ। ਝਾਮੁਮੋ ਅਤੇ ਕਾਂਗਰਸ ਨੂੰ ਮਹਿਲਾ ਰਾਸ਼ਟਰਪਤੀ ਬਰਦਾਸ਼ਤ ਨਹੀਂ ਹੋ ਰਹੀ ਹੈ। ਸੀਤਾ ਸੋਰੇਨ ਨਾਲ ਇਨ੍ਹਾਂ ਨੇ ਕੀ ਕੀਤਾ ਹੈ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਇਕ ਕਾਂਗਰਸ ਆਗੂ ਨੇ ਇਨ੍ਹਾਂ ਨੂੰ ਅਪਮਾਨਤ ਕੀਤਾ ਹੈ। ਇਸ ਤੋਂ ਬਾਅਦ ਵੀ ਝਾਰਖੰਡ ਦੇ ਮੁੱਖ ਮੰਤਰੀ ਨੇ ਕੁਝ ਵੀ ਨਹੀਂ ਕਿਹਾ।