ਮਾਨਸਾ – “ਅੰਗਰੇਜ਼ ਹਕੂਮਤ ਪੱਖੀ ਤੇ ਸੰਵਿਧਾਨ ਵਿਰੋਧੀ ਆਰ ਐਸ ਐਸ ਤੇ ਭਾਜਪਾ ਦੀ ਫੁੱਟਪਾਉ ਨਫ਼ਰਤੀ ਨੀਤੀ ਨੇ ਭਾਈਚਾਰਕ ਸਾਂਝ ਨੂੰ ਕਮਜ਼ੋਰ ਕੀਤਾ ਤੇ ਦੇਸ਼ ਦੇ ਟੁਕੜੇ-ਟੁਕੜੇ ਕਰਨ ਵੱਲ ਵਧ ਰਹੀ ਹੈ। ਕਿਉਂਕਿ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕਰਦਿਆਂ ਲੋਕਤੰਤਰੀ ਢਾਂਚੇ ਤੇ ਗੈਰ ਵਿਧਾਨਕ ਤਰੀਕੇ ਨਾਲ ਉਸ ਦਾ ਘਾਂਣ ਕੀਤਾ ਜਾ ਰਿਹਾ ਹੈ ਅਤੇ ਲੋਕ ਪੱਖੀ ਕਾਨੂੰਨਾ ਨੂੰ ਤੋੜਕੇ ਸਰਮਾਏਦਾਰ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।”
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਮੁਜ਼ਾਰਾ ਲਹਿਰ,ਪਰਜਾ ਮੰਡਲ, ਕੌਮੀ ਅਜ਼ਾਦੀ ਸੰਘਰਸ਼ਾਂ ਦੇ ਮੋਹਰੀ ਆਗੂ, ਮਹਾਨ ਕਮਿਊਨਿਸਟ ਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੀ 52 ਵੀਂ ਬਰਸੀ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਅੰਦੌਲਨ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਤੇ ਸਿੰਡੀਕੇਟ ਪੱਖੀ ਵਿਦਿਆਰਥੀ ਅੰਦੋਲਨ ਦੇਸ਼ ਦੀ ਆਜ਼ਾਦੀ ਦੀ ਜੰਗ ਹੈ ਜ਼ੋ ਫਾਸ਼ੀਵਾਦ ਖਿਲਾਫ ਤਿੱਖਾ ਅੰਦੌਲਨ ਹੈ, ਮੋਦੀ ਸਰਕਾਰ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਜੇਲ੍ਹਾ ਵਿਚ ਡੱਕਿਆ ਜਾ ਰਿਹਾ ਹੈ, ਜਿਸ ਖਿਲਾਫ ਜਥੇਬੰਦ ਤੇ ਤਿੱਖੇ ਸੰਘਰਸ਼ਾਂ ਦਾ ਸੱਦਾ ਦਿੱਤਾ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੂਲਦੁ ਸਿੰਘ ਮਾਨਸਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਸੀ ਪੀ ਆਈ ਦੇ ਜ਼ਿਲ੍ਹਾ ਸਹਾਇਕ ਸਕੱਤਰ ਤੇ ਏਟਕ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਬਿਜਲੀ ਐਕਟ 2020 ਸਬੰਧੀ ਕਿਹਾ ਕਿ ਦਿੱਲੀ ਅੰਦੌਲਨ ਦੌਰਾਨ ਮੋਰਚੇ ਵੱਲੋਂ ਮੋਦੀ ਸਰਕਾਰ ਤੋਂ ਰੱਦ ਕਰਵਾਇਆ ਗਿਆ ਸੀ, ਪ੍ਰੰਤੂ ਹੁਣ ਬਿਜਲੀ ਪ੍ਰਬੰਧ ਨੂੰ ਪ੍ਰਾਈਵੇਟ ਤੇ ਕਾਰਪੋਰੇਟਾ ਦੇ ਹੱਥ ਸੋਪਣ ਲਈ ਦੁਬਾਰਾ ਲਾਗੂ ਕਰਨ ਲਈ ਤਰਲੋ ਮੱਛੀ ਹੋ ਰਹੀ ਹੈ। ਜ਼ੋ ਦੇਸ਼ ਹਰ ਤਬਕੇ ਵਪਾਰ, ਖੇਤੀ ਸਮੇਤ ਘਰੇਲੂ ਖਪਤਕਾਰਾਂ ਲਈ ਖਤਰਨਾਕ ਸਿੱਧ ਹੋਵੇਗਾ। ਉਹਨਾਂ ਬਿਜਲੀ ਐਕਟ ਸਮੇਤ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਤਿੱਖੇ ਸੰਘਰਸ਼ਾਂ ਨੂੰ ਸਮੇਂ ਦੀ ਲੋੜ ਦੱਸਿਆ।
ਇਸ ਬਰਸੀ ਸਮਾਗਮ ਮੌਕੇ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਤੇ ਗਿਰਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਕਿਸਾਨ ਅਤੇ ਮਜ਼ਦੂਰ ਅੰਦੋਲਨਾ ਵਿਚ ਸ਼ਮੂਲੀਅਤ ਦੀ ਅਪੀਲ ਕੀਤੀ।
ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਰੂਪ ਸਿੰਘ ਢਿੱਲੋਂ, ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ,ਬੀ ਕੇ ਯੂ ਡਕੋਦਾ ਦੇ ਲਛਮਣ ਸਿੰਘ ਚੱਕ ਅਲੀ ਸ਼ੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ, ਏਟਕ ਆਗੂ ਕਰਨੈਲ ਸਿੰਘ ਭੀਖੀ, ਖੇਤ ਮਜ਼ਦੂਰ ਸਭਾ ਦੇ ਕੇਵਲ ਸਿੰਘ ਸਮਾਓ, ਸਰਵ ਭਾਰਤ ਨੋਜਵਾਨ ਸਭਾ ਦੇ ਜਗਤਾਰ ਸਿੰਘ ਕਾਲਾ ਆਦਿ ਆਗੂਆਂ ਨੇ ਕਾਮਰੇਡ ਫੱਕਰ ਦੇ ਸੰਘਰਸ਼ਾਂ ਤੇ ਜੀਵਨੀ ਤੇ ਚਰਚਾ ਕਰਦੇ ਹੋਏ ਨੋਜਵਾਨ ਵਰਗ ਨੂੰ ਉਹਨਾਂ ਦੇ ਮਾਰਗ ਦਰਸ਼ਨ ਤੇ ਚੱਲਣ ਦਾ ਹੋਕਾ ਦਿੱਤਾ।
ਇਹ ਬਰਸੀ ਸਮਾਗਮ ਗੁਰਦਿਆਲ ਸਿੰਘ, ਗੁਰਦੇਵ ਸਿੰਘ ਤੇ ਕਰਨੈਲ ਸਿੰਘ ਭੀਖੀ ਦੇ ਪ੍ਰਧਾਨਗੀ ਮੰਡਲ ਹੇਠ ਹੋਇਆ। ਕਾਮਰੇਡ ਫ਼ੱਕਰ ਦੇ ਪਰਿਵਾਰ ਬਲਵੀਰ ਕੌਰ ਸਮੇਤ ਗ੍ਰਾਮ ਪੰਚਾਇਤ ਸਰਪੰਚ, ਵੱਖ ਵੱਖ ਕਲੱਬ ਅਤੇ ਪੜ੍ਹਾਈ ਤੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ।
ਇਸ ਸਮਾਗਮ ਦੇ ਵਿੱਚ ਲੋਕ ਪੱਖੀ ਗਾਇਕ ਅਜਮੇਰ ਸਿੰਘ ਅਕਲੀਆਂ ਤੇ ਗਿਆਨੀ ਦਰਸ਼ਨ ਸਿੰਘ ਕੋਟ ਫੱਤਾ ਅਤੇ ਨਾਟਕ ਮੰਡਲੀ ਵੱਲੋਂ ਨਾਟਕ ਕੋਰੀਓਗ੍ਰਾਫੀ ਤੇ ਗੀਤ ਪੇਸ਼ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਤਨ ਭੋਲਾ, ਅਮਰੀਕ ਸਿੰਘ ਫਫੜੇ, ਮੇਜ਼ਰ ਸਿੰਘ ਦਲੇਲ ਸਿੰਘ ਵਾਲਾ, ਮੇਜ਼ਰ ਸਿੰਘ ਦੂਲੋਵਾਲ, ਕੁਲਵੰਤ ਸਿੰਘ, ਬੂਟਾ ਸਿੰਘ ਬਰਨਾਲਾ, ਹਰਦਿਆਲ ਸਿੰਘ ਬੁਢਲਾਡਾ, ਕ੍ਰਿਸ਼ਨ ਸ਼ਰਮਾ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੀਕੇਯੂ ਉਗਰਾਹਾਂ ਇਕਾਈ ਤੇ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਲੰਗਰ ਸੇਵਾ ਨਿਰਵਿਘਨ ਜਾਰੀ ਰਹੀ। ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਕੁਲਵਿੰਦਰ ਉੱਡਤ ਨੇ ਬਾਖੂਬੀ ਨਿਭਾਈ।
