ਸ੍ਰੀਨਗਰ – ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਸ਼ਮੀਰੀ ਪੰਡਤਾਂ ਦੇ ਦੁੱਖ-ਦਰਦ ਨੂੰ ਦੇਸ਼ ਭਰ ’ਚ ਵੋਟਾਂ ਹਾਸਲ ਕਰਨ ਲਈ ‘ਹਥਿਆਰ’ ਵਜੋਂ ਵਰਤਿਆ ਹੈ। ਪੀ.ਡੀ.ਪੀ. ਦੀ ਚੇਅਰਪਰਸਨ ਇੱਥੇ ਅਬੀ ਗੁੱਜਰ ਇਲਾਕੇ ਵਿਚ ਕਸ਼ਮੀਰੀ ਪੰਡਤ ਰੌਸ਼ਨ ਲਾਲ ਦੇ ਘਰ ਜਾ ਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੀ ਸੀ। ਰੌਸ਼ਨ ਲਾਲ ਇਕ ਫੋਟੋ ਜਰਨਲਿਸਟ ਸਨ, ਜਿਨ੍ਹਾਂ ਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ। ਮਹਿਬੂਬਾ ਮੁਫਤੀ ਨੇ ਦੋਸ਼ ਲਾਇਆ, ‘‘ਭਾਜਪਾ ਨੇ ਕਸ਼ਮੀਰੀ ਪੰਡਤਾਂ ਨੂੰ ਨਾ ਸਿਰਫ਼ ਵੋਟ ਬੈਂਕ ਦੇ ਤੌਰ ’ਤੇ ਵਰਤਿਆ, ਸਗੋਂ ਹਥਿਆਰ ਵਜੋਂ ਵੀ ਵਰਤਿਆ। ਉਸ ਨੇ ਕਸ਼ਮੀਰੀ ਪੰਡਤਾਂ ਦੇ ਦੁੱਖਾਂ ਨੂੰ ਇਕ ਹਥਿਆਰ ਵਜੋਂ ਵਰਤਿਆ ਤੇ ਫਿਰ ਉਸ ਹਥਿਆਰ ਨੂੰ ਦੂਜਿਆਂ ਦੀਆਂ ਵੋਟਾਂ ਹਾਸਲ ਕਰਨ ਲਈ ਵਰਤਿਆ। ਉਨ੍ਹਾਂ ਕਿਹਾ,”ਪੰਡਤ ਭਾਈਚਾਰੇ ਕੋਲ ਆਪਣੀਆਂ ਇੰਨੀਆਂ ਵੋਟਾਂ ਨਹੀਂ ਹਨ ਪਰ ਭਾਜਪਾ ਨੇ ਉਨ੍ਹਾਂ ਲਈ ਕੁਝ ਕੀਤੇ ਬਿਨਾਂ ਹੀ ਉਨ੍ਹਾਂ ਦੇ ਦਰਦ ਤੇ ਦੁੱਖ ਦਾ ਇਸਤੇਮਾਲ ਕੀਤਾ ਤੇ ਉਹ ਉਨ੍ਹਾਂ ਦੇ ਨਾਂ ’ਤੇ ਵੋਟ ਹਾਸਲ ਕਰਨ ਨਿਕਲ ਪਈ। ‘‘ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੰਮੂ ਕਸ਼ਮੀਰ ’ਚ ਸਿੱਧੇ ਤੌਰ ’ਤੇ ਪ੍ਰਸ਼ਾਸਨ ਚਲਾਉਣ ਲੱਗੀ ਹੈ, ਉਦੋਂ ਤੋਂ ਉਹ ਕਸ਼ਮੀਰ ਪੰਡਿਤ ਵੀ ਚਲੇ ਗਏ, ਜੋ ਇੱਥੇ ਰਹਿੰਦੇ ਸਨ, ਕਿਉਂਕਿ ਸਥਿਤੀ ਹੀ ਅਜਿਹੀ ਹੋ ਗਈ।’’ ਮਹਿਬੂਬਾ ਮੁਫ਼ਤੀ ਨੇ ਫਿਲਮ ‘ਕਸ਼ਮੀਰ ਫਾਈਲਜ਼’ ਵੱਲ ਸੰਕੇਤ ਦਿੱਤਾ। ਉਨ੍ਹਾਂ ਕਿਹਾ, ‘‘ਦੇਸ਼ਭਰ ’ਚ ਕਸ਼ਮੀਰੀਆਂ ਨੂੰ ਬਦਨਾਮ ਕੀਤਾ ਜਾਂਦਾ ਹੈ, ਉਨ੍ਹਾਂ ਬਾਰੇ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ। ਮੈਂ ਸੋਚਦੀ ਹਾਂ ਕਿ ਭਾਈਚਾਰੇ ਵਿਚਾਲੇ ਰੌਸ਼ਨ ਲਾਲ ਦਾ ਇੱਥੇ ਰਹਿਣਾ ਫਿਲਮ ਨੂੰ ਜਵਾਬ ਹੈ। ਰੌਸ਼ਨ ਲਾਲ ਦੇ ਦਿਹਾਂਤ ’ਤੇ ਵੱਡੀ ਗਿਣਤੀ ’ਚ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਹ ਭਾਈਚਾਰਾ ਸਭ ਤੋਂ ਵੱਡੀ ਉਦਾਹਰਣ ਹੈ ।’’
