ਭੁਪਾਲ , 9 ਦਸੰਬਰ (ਪ੍ਰਤੀਨਿਧੀ) : ਮੱਧ ਪ੍ਰਦੇਸ਼ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ, ਇਸ ਬਾਰੇ ਭਾਜਪਾ ਦੀ ਦੁਬਿਧਾ ਸੋਮਵਾਰ ਨੂੰ ਉਦੋਂ ਖ਼ਤਮ ਹੋਣ ਦੀ ਸੰਭਾਵਨਾ ਹੈ, ਜਦੋਂ ਪਾਰਟੀ ਦੇ 163 ਨਵੇਂ ਚੁਣੇ ਵਿਧਾਇਕ ਕੇਂਦਰੀ ਨਿਗਰਾਨਾਂ ਦੀ ਮੌਜੂਦਗੀ ਵਿੱਚ ਆਪਣੇ ਨੇਤਾ ਦੀ ਚੋਣ ਕਰਨਗੇ। 17 ਨਵੰਬਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 230 ਵਿੱਚੋਂ 163 ਸੀਟਾਂ ਜਿੱਤੀਆਂ ਤੇ ਕਾਂਗਰਸ ਪੱਲੇ 66 ਸੀਟਾਂ ਪਈਆਂ। ਵਿਧਾਇਕਾਂ ਦੀ ਮੀਟਿੰਗ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਓਬੀਸੀ ‘ਮੋਰਚਾ’ ਦੇ ਮੁਖੀ ਕੇ. ਲਕਸ਼ਮਣ ਅਤੇ ਇਸ ਦੀ ਸਕੱਤਰ ਆਸ਼ਾ ਲਾਕੜਾ ਮੱਧ ਪ੍ਰਦੇਸ਼ ਵਿੱਚ ਆਪਣੀ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੇਂਦਰੀ ਨਿਗਰਾਨ ਵਜੋਂ ਸ਼ਾਮਲ ਹਨ। ਸੰਸਦ ਮੈਂਬਰ ਭਾਜਪਾ ਮੀਡੀਆ ਸੈੱਲ ਦੇ ਮੁਖੀ ਆਸ਼ੀਸ਼ ਅਗਰਵਾਲ ਨੇ ਦੱਸਿਆ, ‘ਕੇਂਦਰੀ ਨਿਗਰਾਨ ਸੋਮਵਾਰ ਨੂੰ ਪਾਰਟੀ ਵਿਧਾਇਕਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਮੀਟਿੰਗ ਦਾ ਸਮਾਂ ਤੈਅ ਹੋਣ ਤੋਂ ਬਾਅਦ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ। ਪਾਰਟੀ ਸੂਤਰਾਂ ਨੇ ਦੱਸਿਆ ਕਿ ਮੀਟਿੰਗ ਸੋਮਵਾਰ ਸ਼ਾਮ 5 ਜਾਂ 7 ਵਜੇ ਦੇ ਵਿਚਕਾਰ ਕਿਸੇ ਵੀ ਸਮੇਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਪਹਿਲਾਂ ਐਤਵਾਰ ਨੂੰ ਹੋਣੀ ਸੀ ਪਰ ਨਿਗਰਾਨਾਂ ਦੇ ਰੁਝੇਵਿਆਂ ਕਾਰਨ ਇਸ ਨੂੰ ਸੋਮਵਾਰ ਤੱਕ ਟਾਲ ਦਿੱਤਾ ਗਿਆ। ਉਹ ਐਤਵਾਰ ਸ਼ਾਮ ਜਾਂ ਸੋਮਵਾਰ ਸਵੇਰੇ ਮੱਧ ਪ੍ਰਦੇਸ਼ ਪਹੁੰਚ ਸਕਦੇ ਹਨ। 19 ਸਾਲਾਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਭਾਜਪਾ ਮੱਧ ਪ੍ਰਦੇਸ਼ ਵਿੱਚ ਕੇਂਦਰੀ ਨਿਗਰਾਨ ਭੇਜ ਰਹੀ ਹੈ। ਇਸ ਵਾਰ ਭਗਵਾ ਪਾਰਟੀ ਨੇ ਮੌਜੂਦਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਬਿਨਾਂ ਵਿਧਾਨ ਸਭਾ ਚੋਣਾਂ ਲੜੀਆਂ। ਇਹ 20 ਸਾਲਾਂ ਬਾਅਦ ਪਹਿਲੀ ਵਾਰ ਸੀ ਜਦੋਂ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਆਪਣੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਨਾਮ ਨਹੀਂ ਲਿਆ ਸੀ।