ਰਾਜਪੁਰਾ – ਹਲਕਾ ਰਾਜਪੁਰਾ ਵਿਖੇ ਵਿਕਾਸ ਰੈਲੀ ’ਚ ਸ਼ਾਮਲ ਹੋਣ ਆਏ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਗਗਨ ਚੌਂਕ ਨੇੜੇ ਭਾਜਪਾ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਵਿਕਾਸ ਸ਼ਰਮਾ ਦੀ ਅਗਵਾਈ ਵਿੱਚ ਭਾਜਪਾਈਆਂ ਵੱਲੋਂ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਸਮੇਂ ਵਰਤੀ ਗਈ ਕੁਤਾਹੀ ਦੇ ਵਿਰੋਧ ਵਿੱਚ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਦੇਖ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਆਪਣੀ ਗੱਡੀ ਵਿੱਚੋਂ ਉਤਰ ਕੇ ਨਾਅਰੇਬਾਜੀ ਕਰ ਰਹੇ ਭਾਜਪਾ ਆਗੂਆਂ ਕੋਲ ਪਹੁੰਚੇ ਤਾਂ ਉਥੇ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਨੇ ਮੁੱਖ ਮੰਤਰੀ ਨਾਲ ਬਹਿਸ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਸਬੰਧੀ ਸਵਾਲ ਚੁੱਕੇ ਗਏ। ਉਨ੍ਹਾਂ ਕਿਹਾ ਕਿ ਰੰਗਲੇ ਪੰਜਾਬ ਨੂੰ ਕੁੱਝ ਫਿਰਕਾਪ੍ਰਸਤ ਲੋਕਾਂ ਵੱਲੋਂ ਗੰਧਲਾ ਪੰਜਾਬ ਬਣਾਇਆ ਜਾ ਰਿਹਾ ਹੈ। ਜਿਸ ਤੇ ਚਰਨਜੀਤ ਸਿੰਘ ਚੰਨੀ ਨੇ ਜਵਾਬ ਦਿੱਤਾ ਕਿ ਜੇਕਰ ਪ੍ਰਧਾਨ ਮੰਤਰੀ ’ਤੇ ਕੋਈ ਗੋਲੀ ਚੱਲੇਗੀ ਤਾਂ ਸਭ ਤੋਂ ਪਹਿਲਾਂ ਮੇਰੀ ਛਾਤੀ ਵਿੱਚ ਗੋਲੀ ਵੱਜੇਗੀ। ਜਦੋਂ ਪ੍ਰਧਾਨ ਸ਼ਰਮਾ ਨੇ ਪ੍ਰਧਾਨ ਮੰਤਰੀ ਦੌਰੇ ਦੌਰਾਨ ਮੁੱਖ ਮੰਤਰੀ ਦੇ ਕਰੋਨਾ ਪਾਜ਼ੀਟਿਵ ਦੇ ਸੰਪਰਕ `ਚ ਆਉਣ ਦੀ ਗੱਲ ਕਹਿ ਕੇ ਨਾ ਪਹੁੰਚਣ ਦਾ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਸਵਾਲ ਦਾ ਜਾਬ ਦੇਣਾ ਮੁਨਾਸਿਬ ਨਾ ਸਮਝਿਆ। ਜਿਸ ਤੋਂ ਬਾਅਦ ਭਾਜਪਾ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਪੰਜਾਬ ਸਰਕਾਰ ਮੁੱਰਦਾਬਾਦ ਦੀ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਉਪਰੰਤ ਮੁੱਖ ਮੰਤਰੀ ਆਪਣੇ ਕਾਫਲੇ ਨਾਲ ਅਗਲੇ ਪ੍ਰੋਗਰਾਮ ਦੇ ਲਈ ਰਵਾਨਾ ਹੋ ਗਏ। ਇਸ ਮੌਕੇ ਭਾਜਪਾ ਪੰਜਾਬ ਕਾਰਜ਼ਕਾਰਨੀ ਮੈਂਬਰ ਡਾ: ਨੰਦ ਲਾਲ, ਸੰਜੀਵ ਮਿੱਤਲ, ਭਾਜਪਾ ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਜਰਨੈਲ ਸਿੰਘ ਕੰਬੋਜ਼, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ, ਜ਼ਿਲ੍ਹਾ ਯੁੱਵਾ ਮੋਰਚਾ ਪ੍ਰਧਾਨ ਗੋਰਵ ਗੋਤਮ, ਸ਼ਾਮ ਸੁੰਦਰ ਵਧਵਾ, ਸ਼ਾਂਤੀ ਸਪਰਾ, ਗੋਲਡੀ ਬਠੋਣੀਆ, ਮੰਡਲ ਪ੍ਰਧਾਨ ਵਿਜ਼ੈ ਮੈਨਰੋ, ਡਾ: ਸੰਜੀਵ ਕਾਕੂ, ਵਿਸ਼ੂ ਸ਼ਰਮਾ, ਦੀਪਕ ਫਿਰਾਨੀ, ਨਮਿੱਤਾ ਰਾਣਾ, ਆਸ਼ਾ ਸ਼ਹਿਜੜਾ, ਕੁਲਦੀਪ ਵਾਲੀਆ, ਰਿੰਕੂ ਸਲੇੇਮਪੁਰ ਸਮੇਤ ਹੋਰ ਹੋਰਨਾ ਨੇ ਵੀ ਨਾਅਰਬਾਜੀ ਕੀਤੀ।