ਇਹ ਸ਼ਬਦ ਮਹਿਲਾ ਕੈਡਿਟ ਚਰਨਪ੍ਰੀਤ ਕੌਰ ਦੇ ਘਰ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਤੋਂ ਸੁਣਨ ਨੂੰ ਮਿਲੇ। ਉਹ ਸਵੇਰੇ ਸਵੇਰੇ ਆਪਣਾ ਕੰਮ-ਕਾਰ ਛੱਡ ਕੇ ਭਾਰਤੀ ਏਅਰ ਫੋਰਸ ਅਕੈਡਮੀ ਵਿੱਚ ਚੁਣੀ ਗਈ ਚਰਨਪ੍ਰੀਤ ਕੌਰ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇਣ ਆਏ ਸਨ।
ਖੁਸ਼ੀ ਦੇ ਮਾਹੌਲ ਵਿੱਚ ਚਰਨਪ੍ਰੀਤ ਕੌਰ ਦੇ ਮਾਤਾ ਕੁਲਵੰਤ ਕੌਰ ਭਾਵੁਕ ਸਨ।
ਉਨ੍ਹਾਂ ਦੱਸਿਆ, “ਮੈਂ ਕਿੰਨੀ ਖੁਸ਼ ਹਾਂ ਕਿ ਦੱਸ ਨਹੀਂ ਸਕਦੀ। ਮੇਰੀ ਧੀ ਨੇ ਇੱਥੋਂ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ।”
ਚਰਨਪ੍ਰੀਤ ਕੌਰ ਪੰਜਾਬ ਦੇ ਕੁਰਾਲੀ ਨੇੜਲੇ ਪਿੰਡ ਚਨਾਲੋਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਚੋਣ ਭਾਰਤੀ ਏਅਰ ਫੋਰਸ ਅਕੈਡਮੀ ਵਿੱਚ ਪ੍ਰੀ-ਕਮਿਸ਼ਨ ਸਿਖਲਾਈ ਲਈ ਹੋਈ ਹੈ।
ਉਨ੍ਹਾਂ ਨੇ ਭਾਰਤੀ ਏਅਰ ਫੋਰਸ ਐਕਡਮੀ ਲਈ ਹੋਈ ਐੱਫਕੈਟ 2024 ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ 192 ’ਚੋਂ ਚੌਥਾ ਰੈਂਕ ਹਾਸਲ ਕੀਤਾ ਹੈ।
ਚਰਨਪ੍ਰੀਤ ਕੌਰ ਦੇ ਪਿਤਾ ਹਰਮਿੰਦਰ ਸਿੰਘ ਆਟੋ ਡਰਾਈਵਰ ਹਨ। ਘਰ ਦਾ ਸਾਰਾ ਖਰਚਾ ਪਿਤਾ ਹਰਮਿੰਦਰ ਸਿੰਘ ਦੇ ਸਿਰ ਉੱਤੇ ਹੀ ਚਲਦਾ ਹੈ।
ਚਰਨਪ੍ਰੀਤ ਕੌਰ ਦੱਸਿਆ, “ਸਾਨੂੰ ਤਿੰਨਾਂ ਬੱਚਿਆਂ ਨੂੰ ਕੁਰਾਲੀ ਦੇ ਸਭ ਤੋਂ ਚੰਗੇ ਸਕੂਲਾਂ ਵਿੱਚ ਪੜ੍ਹਾਇਆ ਗਿਆ। ਵਿੱਤੀ ਤੌਰ ਉੱਤੇ ਤੰਗੀ ਸੀ ਫਿਰ ਵੀ ਮੈਂ ਏਅਰ ਫੋਰਸ ਵਿੱਚ ਜਾਣਾ ਸੀ। ਇਸ ਉੱਤੇ ਕਦੇ ਕਿਸੇ ਨੇ ਕੋਈ ਰੋਕ-ਟੋਕ ਨਹੀਂ ਕੀਤੀ। ਮੇਰੇ ਘਰਦਿਆਂ ਤੋਂ ਕਦੇ ਇਹ ਸੁਣਨ ਨੂੰ ਨਹੀਂ ਮਿਲਿਆ ਕਿ ਤੂੰ ਕੁੜੀ ਐ ਅਤੇ ਤੂੰ ਫੌਜ ਵਿੱਚ ਨਹੀਂ ਜਾ ਸਕਦੀ।”
ਮਾਂ ਦੀ ਬਿਮਾਰੀ ‘ਚ ਚਰਨਪ੍ਰੀਤ ਬਣੀ ਹੌਸਲਾ
ਚਰਨਪ੍ਰੀਤ ਕੌਰ ਨੇ ਉਹ ਸਮਾਂ ਵੀ ਦੇਖਿਆ, ਜਦੋਂ ਉਨ੍ਹਾਂ ਦੇ ਮਾਤਾ ਕੁਲਵੰਤ ਕੌਰ ਕਰੰਟ ਲੱਗਣ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ ਸਨ।
ਮਾਤਾ ਕੁਲਵੰਤ ਕੌਰ ਕਹਿੰਦੇ ਹਨ,”ਅੱਜ ਜਦੋਂ ਮੇਰੀ ਧੀ ਦੇ ਸੁਪਨੇ ਪੂਰੇ ਹੋਏ ਹਨ ਤਾਂ ਮੈਨੂੰ ਕੋਈ ਸ਼ਿਕਵਾ ਨਹੀਂ ਹੈ ਕਿ ਮੈਂ ਆਪਣੀ ਧੀ ਲਈ ਕੁਝ ਕਰ ਨਹੀਂ ਸਕੀ। ਅੱਜ ਖੁਸ਼ੀ ਵੇਲੇ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਵੀ ਇਸੇ ਕਰਕੇ ਆ ਰਹੇ ਹਨ ਕਿ ਮੈਂ ਆਪਣੀ ਧੀ ਨੂੰ ਮੈਨੂੰ ਸੰਭਾਲਦੇ ਦੇਖਿਆ ਹੈ ਤੇ ਹੁਣ ਉਹ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਗਈ ਹੈ।”
ਉਹ ਕਹਿੰਦੇ ਹਨ, ”ਮੈਨੂੰ ਹਮੇਸ਼ਾ ਲੱਗਦਾ ਸੀ ਕਿ ਅਸੀਂ ਆਪਣੇ ਬੱਚਿਆਂ ਲਈ ਓਨਾ ਨਹੀਂ ਕਰਦੇ ਜਿੰਨਾ ਹੋਰ ਮਾਪੇ ਕਰਦੇ ਹਨ, ਪਰ ਅੱਜ ਨਤੀਜੇ ਸਾਹਮਣੇ ਹਨ।”
ਚਰਨਪ੍ਰੀਤ ਕੌਰ ਦੀ ਏਅਰ ਫੋਰਸ ਵਿੱਚ ਜਾਣ ਦੀ ਸਾਰੀ ਟਰੇਨਿੰਗ ਮੁਹਾਲੀ ਦੇ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਹੋਈ ਹੈ। ਸਕੂਲੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਚਰਨਪ੍ਰੀਤ ਨੇ ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦਾ ਦਾਖਲਾ ਟੈਸਟ ਪਾਸ ਕੀਤਾ ਅਤੇ ਫੇਰ ਤਿੰਨ ਸਾਲ ਮੁਹਾਲੀ ਵਿੱਚ ਹੀ ਰਹਿ ਕੇ ਟਰੇਨਿੰਗ ਕੀਤੀ।