ਬਰਨਾਲਾ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ 14 ਜ਼ਿਲਿਆਂ ਤੋਂ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਡੀਏਪੀ ਦੀ ਘਾਟ, ਝੋਨੇ ਦੀ ਬੇਕਦਰੀ, ਨਮੀ ਦੇ ਨਾਂ ਤੇ ਲਾਈ ਗਈ ਕੱਟ ਅਤੇ ਹੋਰ ਤਰੀਕਿਆਂ ਨਾਲ ਕਿਸਾਨਾਂ ਦੀ ਲੁੱਟ ਦਾ ਸਖਤ ਨੋਟਿਸ ਲਿਆ ਗਿਆ। ਕਿਸਾਨਾਂ ਤੇ ਪਾਏ ਜਾ ਰਹੇ ਪਰਾਲੀ ਦੇ ਕੇਸ, ਜੁਰਮਾਨੇ ਅਤੇ ਰਿਕਾਰਡ ਵਿੱਚ ਕੀਤੀਆਂ ਜਾ ਰਹੀਆਂ ਲਾਲ ਐਂਟਰੀਆਂ ਤੇ ਵੀ ਸਖਤ ਰੋਹ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਇਸ ਸਬੰਧੀ ਜਥੇਬੰਦੀ ਕਿਸਾਨਾਂ ਦੀ ਬਾਂਹ ਫੜੇਗੀ ਅਤੇ ਕੱਟ ਦੇ ਪੈਸੇ ਵਾਪਸ ਦਿਵਾਉਣ, ਕਿਸਾਨਾਂ ਤੇ ਪਾਏ ਗਏ ਕੇਸ ਅਤੇ ਜ਼ੁਰਮਾਨੇ ਰੱਦ ਕਰਵਾਉਣ ਲਈ ਸੰਘਰਸ਼ ਕਰੇਗੀ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ੈਲਰਾਂ ਦੀ ਫਿਜੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ ਅਤੇ ਕਿਸਾਨਾਂ ਤੋਂ ਨਮੀ ਦੇ ਨਾਂ ਤੇ ਵੱਧ ਝੋਨਾ ਲੈਣ ਵਾਲੇ ਸੈਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਥੇਬੰਦੀ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਜਥੇਬੰਦੀ ਦੇ ਆਗੂਆਂ ਨਾਲ ਤਾਲਮੇਲ ਕਰਨ ਤਾਂ ਕਿ ਉਹਨਾਂ ਦੀ ਆਵਾਜ਼ ਸਰਕਾਰ ਕੋਲ ਉਠਾਈ ਜਾ ਸਕੇ।
ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਚੱਲ ਰਹੇ ਜ਼ਮੀਨੀ ਘੋਲ ਬਾਰੇ ਰਿਪੋਰਟ ਕੀਤੀ। ਜਥੇਬੰਦੀ ਨੇ ਪੰਜਾਬ ਸਰਕਾਰ ਦੀ ਇਸ ਗੱਲੋਂ ਨਿਖੇਧੀ ਕੀਤੀ ਗਈ ਕਿ ਉਹ ਦਹਾਕਿਆਂ ਤੋਂ ਕਾਬਜ਼ ਆਬਾਦਕਾਰ ਮਾਲਕ ਕਿਸਾਨਾਂ ਦੇ ਹੱਕ ਖੋਹਣ ਤੇ ਉਤਾਰੂ ਹੈ ਅਤੇ ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਵੀ ਕਿਸਾਨਾਂ ਨੂੰ ਇਨਸਾਫ ਦੇਣ ਤੋਂ ਇਨਕਾਰੀ ਹੈ।
ਜਥੇਬੰਦੀ ਨੇ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ ਕੀਤਾ।
ਮੀਟਿੰਗ ਵਿੱਚ ਵੱਖ-ਵੱਖ ਜ਼ਿਲਿਆਂ ਤੋਂ ਰਿਪੋਰਟ ਪੇਸ਼ ਕੀਤੀ ਗਈ ਕਿ ਜਿੱਥੇ ਵੀ ਬੇਲਰ ਨਾਲ ਪਰਾਲੀ ਦੀਆਂ ਗੰਢਾਂ ਬੰਨ੍ਹੀਆਂ ਗਈਆਂ ਹਨ ਜਾਂ ਸੁਪਰ ਸੀਡਰ ਨਾਲ ਪਰਾਲੀ ਸਾੜਨ ਤੋਂ ਬਿਨਾਂ ਬਿਜਾਈ ਕੀਤੀ ਗਈ ਹੈ, ਉੱਥੇ ਉੱਥੇ ਹੀ ਕਣਕ ਉਪਰ ਸੁੰਡੀ ਦਾ ਹਮਲਾ ਹੋਇਆ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸੁੰਡੀ ਨਾਲ ਹੋਏ ਕਣਕ ਦੇ ਨੁਕਸਾਨ ਦਾ ਮੁਆਵਜ਼ਾ ਦੇਵੇ।
ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਕਾਰ ਵੱਲੋਂ ਇੱਕ ਸਾਜਿਸ਼ ਤਹਿਤ ਵੇਰਕਾ ਮਿਲਕ ਪਲਾਂਟ ਨੂੰ ਫੇਲ੍ਹ ਕਰਨ ਦੀਆਂ ਸਾਜਿਸ਼ਾਂ ਦਾ ਸਖਤ ਨੋਟਿਸ ਲਿਆ। ਸਰਕਾਰ ਹੋਰ ਅਦਾਰਿਆਂ ਵਾਂਗੂ ਮਿਲਕ ਪਲਾਂਟ ਨੂੰ ਫੇਲ੍ਹ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਇਸ ਲਈ ਘਪਲਿਆਂ ਦੀ ਪੜਤਾਲ ਨਾ ਕਰਵਾਉਣੀ ਅਤੇ ਦੁੱਧ ਉਤਪਾਦਕਾਂ ਨੂੰ ਦੁੱਧ ਦੇ ਰੇਟ ਘੱਟ ਦੇਣਾ ਇਹ ਸਭ ਇੱਕ ਸਾਜਿਸ਼ ਅਧੀਨ ਕੀਤਾ ਰਿਹਾ ਹੈ। ਜਥੇਬੰਦੀ ਨੇ ਇਸ ਖਿਲਾਫ ਸੰਘਰਸ਼ ਲੜਨ ਦਾ ਤਹੱਈਆ ਕੀਤਾ ਅਤੇ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਦੁੱਧ ਦੇ ਠੀਕ ਰੇਟ ਦਿਵਾਉਣ ਲਈ ਜਦੋ ਜਹਿਦ ਕੀਤੀ ਜਾਵੇਗੀ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਰਿਵਿਊ ਕਰਦੇ ਹੋਏ ਜਥੇਬੰਦੀ ਵੱਲੋਂ ਇਹਨਾਂ ਸੰਘਰਸ਼ਾਂ ਵਿੱਚ ਪਾਏ ਗਏ ਹਿੱਸੇ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਕਿਸਾਨਾਂ ਦੀਆਂ ਬਿਜਲੀ ਨਾਲ ਸੰਬੰਧਿਤ ਮੰਗਾਂ ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੂੰ ਮੰਗ ਪੱਤਰ ਦੇ ਕੇ ਮੀਟਿੰਗ ਦੀ ਮੰਗ ਕੀਤੀ ਜਾਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਦੇਹੜਕਾ, ਸੁਖਚੈਨ ਸਿੰਘ ਰਾਜੂ, ਕੁਲਵੰਤ ਸਿੰਘ ਮਾਨ ਭਦੌੜ, ਜੰਗੀਰ ਸਿੰਘ ਪ੍ਰਧਾਨ ਜਿਲਾ ਫਿਰੋਜ਼ਪੁਰ, ਰਣਧੀਰ ਸਿੰਘ ਭੱਟੀਵਾਲ, ਪਰਮਿੰਦਰ ਸਿੰਘ ਮੁਕਤਸਰ, ਰਾਣਾ ਹਰਜਿੰਦਰ ਸਿੰਘ ਸੈਦੋਵਾਲ, ਗੁਰਨਾਮ ਸਿੰਘ ਮਹਿਰਾਜ, ਪ੍ਰਦੀਪ ਮੁਸਾਹਿਬ ਮੋਹਾਲੀ, ਜਸਕਰਨ ਸਿੰਘ ਮੋਰਾਂਵਾਲੀ, ਬੂਟਾ ਖਾਨ ਮਲੇਰਕੋਟਲਾ, ਤਾਰਾ ਚੰਦ ਬਰੇਟਾ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਦੇਵੀ ਰਾਮ ਰੰਘੜਿਆਲ, ਜਗਤਾਰ ਸਿੰਘ ਦੁੱਗਾਂ, ਸ਼ਮਸ਼ੇਰ ਸਿੰਘ ਸ਼ਹਿਜ਼ਾਦੀ, ਬਲਬਹਾਦਰ ਸਿੰਘ, ਨੀਟੂ ਰਾਮਾ ਮੋਗਾ, ਗੁਲਜਾਰ ਸਿੰਘ ਕਬਰ ਵੱਛਾ, ਸੁਰਜੀਤ ਸਿੰਘ ਕੱਥੂ ਨੰਗਲ ਅਤੇ ਜੁਗਰਾਜ ਸਿੰਘ ਹਰਦਾਸਪੁਰਾ ਸ਼ਾਮਿਲ ਸਨ।