ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਐਜੂਕੇਸ਼ਨ, ਰਣਜੀਤ ਐਵੀਨਿਊ ਵਿਖੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈ. ਸੀ. ਐੱਸ. ਐੱਸ. ਆਰ.), ਉੱਤਰ-ਪੱਛਮੀ ਖੇਤਰੀ ਕੇਂਦਰ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਅਜੋਕੇ ਸਮੇਂ ਲਈ ਪ੍ਰਾਚੀਨ ਗਿਆਨ: ਭਾਰਤੀ ਗਿਆਨ ਪ੍ਰਣਾਲੀਆਂ ਨਾਲ ਇਕ ਤਾਲਮੇਲ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਲਗਭਗ 200 ਵਿਦਵਾਨਾਂ, ਸਿੱਖਿਅਕਾਂ ਅਤੇ ਵਿਚਾਰਵਾਨਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੀ, ਜਿਨ੍ਹਾਂ ਨੇ ਪ੍ਰਾਚੀਨ ਭਾਰਤੀ ਗਿਆਨ ਨੂੰ ਆਧੁਨਿਕ ਵਿੱਦਿਅਕ ਅਤੇ ਸਮਾਜਿਕ ਢਾਂਚੇ ’ਚ ਏਕੀਕਰਨ ’ਤੇ ਵਿਚਾਰ-ਵਟਾਂਦਰਾ ਕੀਤਾ।
ਇਸ ਸੈਮੀਨਾਰ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਪਿ੍ਰੰ: ਡਾ. ਮਨਦੀਪ ਕੌਰ ਵੱਲੋਂ ਐੱਨ. ਆਈ. ਓ. ਐੱਸ. ਤੋਂ ਸਾਬਕਾ ਚੇਅਰਪਰਸਨ ਅਤੇ ਸਕੂਲ ਆਫ਼ ਐਜੂਕੇਸ਼ਨ, ਇਗਨੋ, ਨਵੀਂ ਦਿੱਲੀ ਤੋਂ ਪ੍ਰਸਿੱਧ ਵਿਦਵਾਨ ਪ੍ਰੋ. ਚੰਦਰ ਭੂਸ਼ਣ ਸ਼ਰਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਜ਼ੂਕੇਸ਼ਨ ਵਿਭਾਗ ਦੇ ਮੁੱਖੀ ਅਤੇ ਪ੍ਰੋ: ਡਾ. ਅਮਿਤ ਕੌਟਸ, ਐਜ਼ੂਕੇਸ਼ਨ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਤੋਂ ਮੁੱਖੀ ਅਤੇ ਡੀਨ ਪ੍ਰੋ: ਡਾ. ਮਨੋਜ ਕੁਮਾਰ ਸਕਸੈਨਾ ਅਤੇ ਯੋਗਸਰਿਤਾ ਪ੍ਰਾਈਵੇਟ ਲਿਮਟਿਡ ਸੰਸਥਾਪਕ ਅਤੇ ਸੀ. ਈ. ਓ. ਸ੍ਰੀਮਤੀ ਸਰਿਤਾ ਸ਼ਰਮਾ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ।
ਇਸ ਮੌਕੇ ਪਿ੍ਰੰ: ਡਾ. ਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਹਾਜ਼ਰੀਨ ਨਾਲ ਜਾਣ-ਪਛਾਣ ਕਰਵਾਈ। ਇਸ ਮੌਕੇ ਪ੍ਰੋ. ਚੰਦਰ ਭੂਸ਼ਣ ਨੇ ਨੈਤਿਕ ਅਤੇ ਸੰਪੂਰਨ ਸਿੱਖਿਆ ਨੂੰ ਆਕਾਰ ਦੇਣ ’ਚ ਧਰਮ, ਗਿਆਨ ਅਤੇ ਕਰਮ ਵਰਗੇ ਪ੍ਰਾਚੀਨ ਭਾਰਤੀ ਦਰਸ਼ਨਾਂ ਦੀ ਸਾਰਥਿਕਤਾ ਨੂੰ ਉਜਾਗਰ ਕੀਤਾ। ਇਸ ਮੌਕੇ ਪ੍ਰਿੰ: ਡਾ. ਮਨਦੀਪ ਕੌਰ ਨੇ ਕਿਹਾ ਕਿ ਸੈਮੀਨਾਰ ’ਚ ਦੋ ਤਕਨੀਕੀ ਸੈਸ਼ਨ ਕਰਵਾਏ, ਜਿਸ ’ਚ ਡਾ. ਕੌਟਸ, ਡਾ. ਸਕਸੈਨਾ ਅਤੇ ਸ੍ਰੀਮਤੀ ਸ਼ਰਮਾ ਵਰਗੇ ਪ੍ਰਸਿੱਧ ਅਕਾਦਮਿਕ ਮਾਹਿਰਾਂ ਨੇ ਭਾਸ਼ਣ ਰਾਹੀਂ ਵਿਸ਼ੇ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਉਕਤ ਵਿਚਾਰ-ਵਟਾਂਦਰੇ ਨੇ ਆਲੋਚਨਾਤਮਕ ਸੋਚ, ਭਾਵਨਾਤਮਕ ਬੁੱਧੀ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਉਣ ’ਚ ਭਾਰਤੀ ਗਿਆਨ ਪ੍ਰਣਾਲੀਆਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਸਮਾਗਮ ਮੌਕੇ ਸਮਾਨਾਂਤਰ ਪੇਪਰ ਪੇਸ਼ਕਾਰੀ ਸੈਸ਼ਨ ਦਾ ਆਯੋਜਿਤ ਕੀਤਾ ਗਿਆ, ਜਿਸ ’ਚ 75 ਤੋਂ ਵਧੇਰੇ ਖੋਜਕਰਤਾਵਾਂ ਨੇ ਸਿੱਖਿਆ ’ਚ ਵੈਦਿਕ ਅਤੇ ਉਪਨਿਸ਼ਦਿਕ ਗਿਆਨ ਨੂੰ ਸ਼ਾਮਿਲ ਕਰਨ ਤੋਂ ਲੈ ਕੇ ਸੰਪੂਰਨ ਸਿੱਖਿਆ ’ਚ ਭਾਰਤੀ ਕਲਾਵਾਂ ਅਤੇ ਸੱਭਿਆਚਾਰ ਦੀ ਭੂਮਿਕਾ ਤੱਕ ਦੇ ਵਿਸ਼ਿਆਂ ’ਤੇ ਅਧਿਐਨ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਡਾ. ਹਰਪ੍ਰੀਤ ਕੌਰ, ਡਾ. ਮੀਨੂ ਚੌਧਰੀ ਅਤੇ ਡਾ. ਸਰਿਤਾ ਨਾਰਦ ਸਮੇਤ ਅਕਾਦਮਿਕ ਮਾਹਿਰਾਂ ਦੁਆਰਾ ਕੀਤੀ ਗਈ।
ਇਸ ਸੈਮੀਨਾਰ ਦੀ ਸਮਾਪਤੀ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਪਰਵਿੰਦਰਜੀਤ ਕੌਰ ਨੇ ਸਮੂੰਹ ਪਤਵੰਤਿਆਂ, ਬੁਲਾਰਿਆਂ ਅਤੇ ਭਾਗੀਦਾਰਾਂ ਦਾ ਸਮਾਗਮ ਨੂੰ ਸ਼ਾਨਦਾਰ ਬਣਾਉਣ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ। ਸੈਮੀਨਾਰ ’ਚ ਸਮਕਾਲੀ ਵਿੱਦਿਅਕ ਚੁਣੌਤੀਆਂ ਦਾ ਹੱਲ ਕਰਨ ਲਈ ਪ੍ਰਾਚੀਨ ਗਿਆਨ ਦੀ ਵਰਤੋਂ ਕਰਨ ’ਤੇ ਹੋਰ ਖੋਜ ਅਤੇ ਸੰਵਾਦ ਨੂੰ ਉਤਸ਼ਾਹਿਤ ਕੀਤਾ ਗਿਆ।