ਓਟਾਵਾ – ਕੈਨੇਡਾ ਵਿੱਚ ਸਟੂਡੈਂਟ ਕੈਪ ਕਾਰਨ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਕਾਰਨ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਬਜਟ ਵਿੱਚ ਭਾਰੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਗਾਰਾ ਕਾਲਜ ਦੀ ਪ੍ਰਧਾਨ ਪੌਲਾ ਬਰਨਜ਼ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਅੰਤਰਰਾਸ਼ਟਰੀ ਅਰਜ਼ੀਆਂ ਵਿੱਚ 79 ਫ਼ੀਸਦੀ ਦੀ ਕਮੀ ਆਈ ਹੈ। ‘ਵੈਨਕੂਵਰ ਸੰਨ’ ਦੀ ਰਿਪੋਰਟ ਅਨੁਸਾਰ ਕਾਲਜ ਦੀ ਫ਼ੈਕਲਟੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਥਿਤੀ ਨੂੰ ਸੰਕਟ ਦੱਸਿਆ ਹੈ। ਇਸ ਨੂੰ ਵਿੱਦਿਆਰਥੀਆਂ ਦੇ ਦਾਖਲੇ ਵਿੱਚ ਅਚਾਨਕ ਅਤੇ ਭਾਰੀ ਗਿਰਾਵਟ ਦੱਸਿਆ ਗਿਆ ਹੈ, ਜਿਸ ਦਾ ਅਸਰ ਹਰ ਕਿਸੇ ’ਤੇ ਪਵੇਗਾ। ਅੰਤਰਰਾਸ਼ਟਰੀ ਵਿੱਦਿਆਰਥੀਆਂ ਵਿੱਚ ਤੇਜ਼ੀ ਨਾਲ ਗਿਰਾਵਟ ਤਨਖਾਹ, ਲਾਭ ਅਤੇ ਨੌਕਰੀਆਂ ਨੂੰ ਪ੍ਰਭਾਵਿਤ ਕਰੇਗੀ।
ਲੰਗਾਰਾ ਵਿੱਚ ਜ਼ਿਆਦਾਤਰ ਭਾਰਤੀ ਵਿੱਦਿਆਰਥੀ
ਬ੍ਰਿਟਿਸ਼ ਕੋਲੰਬੀਆ ਵਿੱਚ ਲੰਗਾਰਾ ਕਾਲਜ ਵਿੱਚ ਸਭ ਤੋਂ ਵੱਧ ਅੰਤਰਰਾਸ਼ਟਰੀ ਵਿੱਦਿਆਰਥੀ ਅਨੁਪਾਤ ਹੈ। ਲੰਗਾਰਾ ਕਾਲਜ ਵਿੱਚ 37 ਫ਼ੀਸਦੀ ਵਿੱਦਿਆਰਥੀ ਸਟੱਡੀ ਵੀਜ਼ੇ ’ਤੇ ਪੜ੍ਹਦੇ ਹਨ। ਸੰਘੀ ਸਰਕਾਰ ਦੇ ਅੰਕੜਿਆਂ ਅਨੁਸਾਰ ਕਾਲਜ ਨੇ ਪਿਛਲੇ ਸਾਲ ਲੱਗਭਗ 7,500 ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਦਾਖਲ ਕੀਤਾ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਸਨ। ਇਹ ਅੰਕੜਾ ਕੈਨੇਡਾ ਦੀ ਇੱਕ ਵੱਡੀ ਵਿੱਦਿਅਕ ਸੰਸਥਾ ਸਾਈਮਨ ਫ਼ਰੇਜ਼ਰ ਯੂਨੀਵਰਸਿਟੀ ਤੋਂ ਵੀ ਵੱਧ ਹੈ।
ਮੁਸੀਬਤ ਵਿੱਚ ਕਈ ਕਾਲਜ
ਲੰਗਾਰਾ ਇਕੱਲਾ ਅਜਿਹਾ ਕਾਲਜ ਨਹੀਂ ਹੈ ਜਿਸ ਨੂੰ ਵਿੱਦਿਆਰਥੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਈਮਨ ਫ਼ਰੇਜ਼ਰ ਯੂਨੀਵਰਸਿਟੀ, ਵਿਕਟੋਰੀਆ ਯੂਨੀਵਰਸਿਟੀ ਅਤੇ ਵੈਨਕੂਵਰ ਆਈਲੈਂਡ ਯੂਨੀਵਰਸਿਟੀ ਵੀ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੀ ਘੱਟਦੀ ਗਿਣਤੀ ਕਾਰਨ ਬਜਟ ਵਿੱਚ ਕਟੌਤੀ ਦੀ ਯੋਜਨਾ ਬਣਾ ਰਹੀ ਹੈ। ਇਨ੍ਹਾਂ ਸੰਸਥਾਵਾਂ ਲਈ ਵਿਦੇਸ਼ੀ ਵਿੱਦਿਆਰਥੀਆਂ ਦਾ ਉਤਸ਼ਾਹ ਬਿਨਾਂ ਕਾਰਨ ਨਹੀਂ ਹੈ। ਵਿਦੇਸ਼ੀ ਵਿੱਦਿਆਰਥੀ ਆਮ ਤੌਰ ’ਤੇ ਘਰੇਲੂ ਵਿੱਦਿਆਰਥੀਆਂ ਨਾਲੋਂ 4 ਗੁਣਾ ਜ਼ਿਆਦਾ ਟਿਊਸ਼ਨ ਫ਼ੀਸ ਅਦਾ ਕਰਦੇ ਹਨ। ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਨੇ ਕਿਹਾ ਕਿ ਉਸ ਦਾ ਦਾਖਲਾ ਬਜਟ ਅਨੁਮਾਨਾਂ ਦੇ ਅਨੁਸਾਰ ਚੱਲ ਰਿਹਾ ਹੈ।
ਅੰਤਰਰਾਸ਼ਟਰੀ ਵਿੱਦਿਆਰਥੀ ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ ਕੁੱਲ ਦਾਖਲੇ ਦਾ 38 ਪ੍ਰਤੀਸ਼ਤ ਬਣਦੇ ਹਨ। ਵੈਨਕੂਵਰ ਸਨ ਦੀ ਰਿਪੋਰਟ ਅਨੁਸਾਰ ਅੰਤਰਰਾਸ਼ਟਰੀ ਵਿੰਦਿਆਰਥੀ ਬ੍ਰਿਟਿਸ਼ ਕੋਲੰਬੀਆ ਦੇ ਪੋਸਟ-ਸੈਕੰਡਰੀ ਸੰਸਥਾਵਾਂ ਵਿੱਚ ਦਾਖਲ ਹੋਏ 533,000 ਵਿੱਦਿਆਰਥੀਆਂ ਵਿੱਚੋਂ 40 ਪ੍ਰਤੀਸ਼ਤ ਦੀ ਨੁਮਾਇੰਦਗੀ ਕਰਦੇ ਹਨ, ਜੋ 150 ਦੇਸ਼ਾਂ ਦੀ ਨੁਮਾਇੰਦਗੀ ਕਰਦੇ ਹਨ। ਅੰਤਰਰਾਸ਼ਟਰੀ ਵਿੱਦਿਆਰਥੀਆਂ ਦੀ ਘੱਟ ਰਹੀ ਗਿਣਤੀ ਨਾਲ ਨਜਿੱਠਣ ਲਈ ਕੈਨੇਡੀਅਨ ਕਾਲਜ ਹੁਣ ਫ਼ੀਸਾਂ ਵਧਾ ਸਕਦੇ ਹਨ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿੱਚ ਇੱਕ ਅੰਤਰਰਾਸ਼ਟਰੀ ਵਿੱਦਿਆਰਥੀ ਟਿਊਸ਼ਨ ਫ਼ੀਸ ਵਿੱਚ ਪ੍ਰਤੀ ਸਾਲ 45,000 ਡਾਲਰ ਅਦਾ ਕਰਨ ਦੀ ਉਮੀਦ ਕਰ ਸਕਦਾ ਹੈ, ਜੋ ਘਰੇਲੂ ਵਿੱਦਿਆਰਥੀਆਂ ਨਾਲੋਂ 5 ਗੁਣਾ ਵੱਧ ਹੈ।
previous post
