ਵਾਸ਼ਿੰਗਟਨ – ਅਮਰੀਕਾ ਦੇ ਦੌਰੇ ’ਤੇ ਇਥੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੇਸਐਕਸ ਦੇ ਸੀਈਓ ਐਲਨ ਮਸਕ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਆਗੂਆਂ ਨੇ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ ਜਿਸ ’ਚ ਪੁਲਾੜ, ਗਤੀਸ਼ੀਲਤਾ, ਤਕਨੀਕ ਅਤੇ ਨਵੀਆਂ ਖੋਜਾਂ ਦੇ ਖੇਤਰ ’ਚ ਭਾਰਤ ਅਤੇ ਅਮਰੀਕਾ ਵਿਚਕਾਰ ਸਹਿਯੋਗ ਵਧਾਉਣਾ ਸ਼ਾਮਲ ਹੈ। ਮਸਕ ਆਪਣੇ ਤਿੰਨ ਬੱਚਿਆਂ ਨਾਲ ਬਲੇਅਰ ਹਾਊਸ ਪੁੱਜੇ ਸਨ ਅਤੇ ਮੋਦੀ ਨਾਲ ਮੁਲਾਕਾਤ ਸਮੇਂ ਪੂਰਾ ਪਰਿਵਾਰ ਹਾਜ਼ਰ ਸੀ। ਇਹ ਮੁਲਾਕਾਤ ਵ੍ਹਾਈਟ ਹਾਊਸ ਤੋਂ 100 ਮੀਟਰ ਤੋਂ ਘੱਟ ਦੂਰੀ ’ਤੇ ਬਣੇ ਬਲੇਅਰ ਹਾਊਸ ’ਚ ਹੋਈ।
ਮੋਦੀ ਨਾਲ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਭਾਰਤੀ ਸਫ਼ੀਰ ਵਿਨੈ ਕਵਾਤੜਾ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੀ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ਼ ਅਤੇ ਅਮਰੀਕੀ ਇੰਟੈਲੀਜੈਂਸ ਵਿਭਾਗ ਦੀ ਡਾਇਰੈਕਟਰ ਤੁਲਸੀ ਗਬਾਰਡ ਨਾਲ ਵੀ ਮੀਟਿੰਗ ਕੀਤੀ। ਮੋਦੀ ਨੇ ਕਿਹਾ ਕਿ ਵਾਲਟਜ਼ ਨਾਲ ਮੀਟਿੰਗ ਵਧੀਆ ਰਹੀ। ਉਨ੍ਹਾਂ ‘ਐਕਸ’ ’ਤੇ ਇਹ ਵੀ ਦੱਸਿਆ ਕਿ ਦੋਹਾਂ ਨੇ ਰੱਖਿਆ, ਤਕਨਾਲੋਜੀ ਅਤੇ ਸੁਰੱਖਿਆ ਦੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜੋ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਲਈ ਅਹਿਮ ਹਨ। ਇਸ ਤੋਂ ਪਹਿਲਾਂ ਮੋਦੀ ਨੇ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕਰਕੇ ਭਾਰਤ-ਅਮਰੀਕਾ ਦੋਸਤੀ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਹ (ਗਬਾਰਡ) ਭਾਰਤ-ਅਮਰੀਕਾ ਸਬੰਧਾਂ ਦੀ ‘ਮਜ਼ਬੂਤ ਹਮਾਇਤੀ’ ਰਹੀ ਹੈ। ਪ੍ਰਧਾਨ ਮੰਤਰੀ ਨੇ ਹਿੰਦੂ-ਅਮਰੀਕੀ ਗਬਾਰਡ ਨੂੰ ਇਸ ਨਿਯੁਕਤੀ ਲਈ ਵਧਾਈ ਵੀ ਦਿੱਤੀ। ਮੋਦੀ ਨੇ ਐਕਸ ’ਤੇ ਕਿਹਾ, ‘ਵਾਸ਼ਿੰਗਟਨ ਡੀਸੀ ’ਚ ਅਮਰੀਕਾ ਦੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਹੋਈ। ਉਨ੍ਹਾਂ ਨੂੰ ਨਿਯੁਕਤੀ ਲਈ ਵਧਾਈ ਦਿੱਤੀ। ਭਾਰਤ-ਅਮਰੀਕਾ ਦੋਸਤੀ ਦੇ ਵੱਖ ਵੱਖ ਪੱਖਾਂ ਬਾਰੇ ਚਰਚਾ ਹੋਈ ਜਿਸ ਦੀ ਉਹ ਹਮੇਸ਼ਾ ਮਜ਼ਬੂਤ ਹਮਾਇਤੀ ਰਹੀ ਹੈ।’ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ’ਤੇ ਕਿਹਾ, ‘ਇਸ ਦੌਰਾਨ ਅਤਿਵਾਦ, ਸਾਈਬਰ ਸੁਰੱਖਿਆ ਤੇ ਉਭਰਦੇ ਖਤਰਿਆਂ ’ਚ ਖੁਫੀਆ ਸਹਿਯੋਗ ਵਧਾਉਣ ’ਤੇ ਵੀ ਚਰਚਾ ਹੋਈ।’
ਮੰਤਰਾਲੇ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਵਾਸ਼ਿੰਗਟਨ ਡੀਸੀ ’ਚ ਮੁਲਾਕਾਤ ਕਰਕੇ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ।’ ਉਧਰ ਅਮਰੀਕਾ ਪੁੱਜਣ ’ਤੇ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮਗਰੋਂ ਪ੍ਰਧਾਨ ਮੰਤਰੀ ਮੋਦੀ ਜਦੋਂ ਰਾਸ਼ਟਰਪਤੀ ਦੇ ਗੈਸਟ ਹਾਊਸ ਬਲੇਅਰ ਹਾਊਸ ਪੁੱਜੇ ਤਾਂ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਮੋਦੀ ਜਿਵੇਂ ਹੀ ਬਲੇਅਰ ਹਾਊਸ ਪੁੱਜੇ ਤਾਂ ਕੜਾਕੇ ਦੀ ਠੰਢ ਤੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਭਾਰਤੀ-ਅਮਰੀਕੀ ਪਰਵਾਸੀ ਉਨ੍ਹਾਂ ਦੇ ਸਵਾਗਤ ਲਈ ਪੁੱਜੇ ਹੋਏ ਸਨ। ਇਸ ਮੌਕੇ ਭਾਰਤੀ-ਅਮਰੀਕੀਆਂ ਨੇ ਭਾਰਤ ਤੇ ਅਮਰੀਕਾ ਦੇ ਝੰਡੇ ਲਹਿਰਾਉਂਦਿਆਂ ਭਾਰਤ ਪੱਖੀ ਨਾਅਰੇ ਵੀ ਮਾਰੇ।