ਨਵੀਂ ਦਿੱਲੀ – ਪਹਿਲਾਂ ਤੋਂ ਵਿਵਾਦ ’ਚ ਚੱਲ ਰਹੇ ਭਾਰਤ-ਕੈਨੇਡਾ ਸਬੰਧਾਂ ’ਚ ਹੋਰ ਤਣਾਅ ਆ ਗਿਆ ਜਦੋਂ ਦੋਵਾਂ ਮੁਲਕਾਂ ਨੇ ਇੱਕ-ਦੂਜੇ ’ਤੇ ਉਨ੍ਹਾਂ ਦੇ ‘ਅੰਦਰੂਨੀ ਮਾਮਲਿਆਂ’ ਵਿੱਚ ਦਖਲ ਦੇਣ ਦਾ ਦੋਸ਼ ਲਾਇਆ। ਨਵੀਂ ਦਿੱਲੀ ਨੇ ਕਿਹਾ ਕਿ ਕੈਨੇਡਾ ‘ਗ਼ੈਰਕਾਨੂੰਨੀ ਪਰਵਾਸ ਤੇ ਜਥੇਬੰਦਕ ਅਪਰਾਧਕ ਗਤੀਵਿਧੀਆਂ’ ਨੂੰ ਮਦਦ ਕਰ ਰਿਹਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ, ‘ਇਹ ਤੱਥ ਹੈ ਕਿ ਕੈਨੇਡਾ ਨੇ ਲਗਾਤਾਰ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਦਖਲ ਦਿੱਤਾ ਹੈ। ਇਸ (ਕੈਨੇਡਾ) ਨੇ ਗ਼ੈਰਕਾਨੂੰਨੀ ਪਰਵਾਸ ਅਤੇ ਜਥੇਬੰਦਕ ਅਪਰਾਧਕ ਗਤੀਵਿਧੀਆਂ ਲਈ ਮਾਹੌਲ ਵੀ ਤਿਆਰ ਕੀਤਾ।’ ਰਿਪੋਰਟ ਖਾਰਜ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, ‘ਅਸੀਂ ਭਾਰਤ ’ਤੇ ਰਿਪੋਰਟ ’ਚ ਲਾਏ ਦੋਸ਼ ਖਾਰਜ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਗ਼ੈਰਕਾਨੂੰਨੀ ਪਰਵਾਸ ਨੂੰ ਹੁਲਾਰਾ ਦੇਣ ਵਾਲੀ ਸਹਾਇਤਾ ਪ੍ਰਣਾਲੀ ਅੱਗੇ ਨਹੀਂ ਵਧਾਈ ਜਾਵੇਗੀ।’ ਕੈਨੇਡਾ ’ਚ ਰਹਿੰਦੇ ਅਪਰਾਧੀ ਤੇ ਲੋੜੀਂਦੇ ਵਿਅਕਤੀ ਦੇ ਮਾਮਲੇ ਨੂੰ ਅਧਿਕਾਰਤ ਤੌਰ ’ਤੇ ਕੈਨੇਡਾ ਕੋਲ ਚੁੱਕਿਆ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਅਕਤੂਬਰ ’ਚ ਕੈਨੇਡਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ।