ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਬੀਜਿੰਗ ਵਿੱਚ ਚੀਨੀ ਉਪ ਰਾਸ਼ਟਰਪਤੀ ਹਾਨ ਜ਼ੇਂਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ-ਚੀਨ ਸਬੰਧਾਂ ਨੂੰ ਆਮ ਬਣਾਉਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਦੋਵਾਂ ਦੇਸ਼ਾਂ ਨੂੰ “ਆਪਸੀ ਲਾਭਦਾਇਕ” ਨਤੀਜੇ ਦੇ ਸਕਦਾ ਹੈ। ਉਨ੍ਹਾਂ ਨੇ ਖੁੱਲ੍ਹੀ ਗੱਲਬਾਤ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਗੁਆਂਢੀ ਦੇਸ਼ਾਂ ਅਤੇ ਪ੍ਰਮੁੱਖ ਵਿਸ਼ਵ ਅਰਥਵਿਵਸਥਾਵਾਂ ਜਿੰਨਾ ਮਹੱਤਵਪੂਰਨ ਦੱਸਿਆ।
ਵਿਦੇਸ਼ ਮੰਤਰੀ ਨੇ ਬੀਜਿੰਗ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਕੱਤਰ ਜਨਰਲ ਨੂਰਲਾਨ ਯੇਰਮੇਕਬਾਯੇਵ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ, ‘ਅੱਜ ਬੀਜਿੰਗ ਵਿੱਚ SCO ਦੇ ਸਕੱਤਰ ਜਨਰਲ ਨੂਰਲਾਨ ਯੇਰਮੇਕਬਾਯੇਵ ਨੂੰ ਮਿਲ ਕੇ ਖੁਸ਼ੀ ਹੋਈ। SCO ਦੇ ਯੋਗਦਾਨ ਅਤੇ ਮਹੱਤਵ ਦੇ ਨਾਲ-ਨਾਲ ਇਸਦੇ ਕੰਮਕਾਜ ਨੂੰ ਆਧੁਨਿਕ ਬਣਾਉਣ ਦੇ ਯਤਨਾਂ ‘ਤੇ ਵੀ ਚਰਚਾ ਕੀਤੀ ਗਈ।”
ਜੈਸ਼ੰਕਰ ਤਿੰਨ ਦਿਨਾਂ ਦੌਰੇ ‘ਤੇ ਚੀਨ ਪਹੁੰਚੇ ਹਨ, ਜਿੱਥੇ ਉਹ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸ਼ਾਮਲ ਹੋਣਗੇ। ਜਿਵੇਂ ਹੀ ਉਹ ਬੀਜਿੰਗ ਪਹੁੰਚੇ, ਉਨ੍ਹਾਂ ਨੇ ਚੀਨੀ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੀ ਸ਼ੁਰੂਆਤ ਵਿੱਚ, ਜੈਸ਼ੰਕਰ ਨੇ ਕਿਹਾ, “ਪਿਛਲੇ ਸਾਲ ਅਕਤੂਬਰ ਵਿੱਚ ਕਜ਼ਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਮੁਲਾਕਾਤ ਤੋਂ ਬਾਅਦ ਸਾਡੇ ਦੁਵੱਲੇ ਸਬੰਧਾਂ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਯਾਤਰਾ ਦੌਰਾਨ ਮੇਰੀਆਂ ਚਰਚਾਵਾਂ ਇਸ ਸਕਾਰਾਤਮਕ ਦਿਸ਼ਾ ਨੂੰ ਬਣਾਈ ਰੱਖਣਗੀਆਂ।”
ਇਸ ਸਾਲ ਭਾਰਤ-ਚੀਨ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ, ਜੈਸ਼ੰਕਰ ਨੇ ਕੈਲਾਸ਼ ਮਾਨਸਰੋਵਰ ਯਾਤਰਾ ਦੀ ਮੁੜ ਸ਼ੁਰੂਆਤ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ। ਇਹ ਯਾਤਰਾ ਕੋਵਿਡ-19 ਮਹਾਂਮਾਰੀ ਅਤੇ ਸਰਹੱਦੀ ਤਣਾਅ ਕਾਰਨ ਪੰਜ ਸਾਲਾਂ ਤੋਂ ਬੰਦ ਸੀ। ਉਨ੍ਹਾਂ ਕਿਹਾ, “ਕੈਲਾਸ਼ ਮਾਨਸਰੋਵਰ ਯਾਤਰਾ ਦੀ ਮੁੜ ਸ਼ੁਰੂਆਤ ਦੀ ਭਾਰਤ ਵਿੱਚ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸਾਡੇ ਸਬੰਧਾਂ ਦਾ ਲਗਾਤਾਰ ਆਮ ਹੋਣਾ ਦੋਵਾਂ ਦੇਸ਼ਾਂ ਲਈ ਲਾਭਦਾਇਕ ਹੋ ਸਕਦਾ ਹੈ।”
ਵਿਸ਼ਵ ਸਥਿਤੀ ‘ਤੇ ਟਿੱਪਣੀ ਕਰਦੇ ਹੋਏ, ਜੈਸ਼ੰਕਰ ਨੇ ਕਿਹਾ, “ਅੱਜ ਦੀ ਵਿਸ਼ਵ ਸਥਿਤੀ ਬਹੁਤ ਗੁੰਝਲਦਾਰ ਹੈ। ਗੁਆਂਢੀ ਦੇਸ਼ਾਂ ਅਤੇ ਪ੍ਰਮੁੱਖ ਅਰਥਵਿਵਸਥਾਵਾਂ ਵਜੋਂ ਭਾਰਤ ਅਤੇ ਚੀਨ ਵਿਚਕਾਰ ਖੁੱਲ੍ਹੀ ਗੱਲਬਾਤ ਬਹੁਤ ਮਹੱਤਵਪੂਰਨ ਹੈ।”
ਮੀਟਿੰਗ ਤੋਂ ਬਾਅਦ, ਜੈਸ਼ੰਕਰ ਨੇ ਕਿਹਾ ਕਿ, “ਬੀਜਿੰਗ ਪਹੁੰਚਣ ਤੋਂ ਤੁਰੰਤ ਬਾਅਦ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੂੰ ਮਿਲ ਕੇ ਖੁਸ਼ੀ ਹੋਈ। ਮੈਂ ਚੀਨ ਦੀ ਐਸਸੀਓ ਪ੍ਰਧਾਨਗੀ ਲਈ ਭਾਰਤ ਦਾ ਸਮਰਥਨ ਪ੍ਰਗਟ ਕੀਤਾ। ਸਾਡੇ ਦੁਵੱਲੇ ਸਬੰਧਾਂ ਵਿੱਚ ਸੁਧਾਰ ਨੂੰ ਰੇਖਾਂਕਿਤ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਦੌਰੇ ਦੀਆਂ ਚਰਚਾਵਾਂ ਇੱਕ ਸਕਾਰਾਤਮਕ ਦਿਸ਼ਾ ਬਣਾਈ ਰੱਖਣਗੀਆਂ।” ਇਸ ਤੋਂ ਇਲਾਵਾ, ‘ਏਕ ਪੇੜ ਮਾਂ ਕੇ ਨਾਮ’ ਪਹਿਲਕਦਮੀ ਦੇ ਤਹਿਤ, ਵਿਦੇਸ਼ ਮੰਤਰੀ ਨੇ ਬੀਜਿੰਗ ਵਿੱਚ ਭਾਰਤੀ ਦੂਤਾਵਾਸ ਵਿੱਚ ਇੱਕ ਅਨਾਰ ਦਾ ਰੁੱਖ ਵੀ ਲਗਾਇਆ। ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਹੋਈ ਝੜਪ ਤੋਂ ਬਾਅਦ ਜੈਸ਼ੰਕਰ ਦੀ ਇਹ ਪਹਿਲੀ ਚੀਨ ਯਾਤਰਾ ਹੈ, ਜਿਸ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਹਾਲਾਂਕਿ, ਇਸ ਸਮੇਂ ਦੌਰਾਨ ਉਹ ਬਹੁ-ਪੱਖੀ ਮੰਚਾਂ ‘ਤੇ ਆਪਣੇ ਚੀਨੀ ਹਮਰੁਤਬਾ ਨੂੰ ਮਿਲਦੇ ਰਹੇ ਹਨ, ਪਰ ਇਹ ਯਾਤਰਾ ਸਰਹੱਦੀ ਵਿਵਾਦ ਦੇ ਵਿਚਕਾਰ ਉੱਚ-ਪੱਧਰੀ ਕੂਟਨੀਤਕ ਸੰਪਰਕ ਦਾ ਇੱਕ ਮਹੱਤਵਪੂਰਨ ਕਦਮ ਹੈ।