ਨਵੀਂ ਦਿੱਲੀ – ਦੇਸ਼ ਦੇ 257 ਥਾਣਿਆਂ ਕੋਲ ਵਾਹਨ ਨਹੀਂ ਹੈ। ਇਸ ਤੋਂ ਇਲਾਵਾ 638 ਥਾਣੇ ਬਿਨਾਂ ਟੈਲੀਫੋਨ ਤੋਂ ਹਨ। ਗ੍ਰਹਿ ਮੰਤਰਾਲੇ ਦੀ ਸੰਸਦੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ 1 ਜਨਵਰੀ, 2020 ਤਕ, 143 ਪੁਲਿਸ ਸਟੇਸ਼ਨ ਬਿਨਾਂ ਵਾਇਰਲੈੱਸ ਜਾਂ ਮੋਬਾਈਲ ਫੋਨ ਸੁਵਿਧਾਵਾਂ ਦੇ ਸਨ। ਦੇਸ਼ ਵਿੱਚ ਕੁੱਲ 16,833 ਪੁਲਿਸ ਸਟੇਸ਼ਨ ਹਨ। ਸਥਾਈ ਕਮੇਟੀ ਦੀ ਇਹ ਰਿਪੋਰਟ ਸੰਸਦ ‘ਚ ਪੇਸ਼ ਕੀਤੀ ਗਈ ਹੈ।
ਕਾਂਗਰਸ ਨੇਤਾ ਆਨੰਦ ਸ਼ਰਮਾ ਦੀ ਅਗਵਾਈ ਵਾਲੀ ਕਮੇਟੀ ਨੇ ਕਿਹਾ, “ਸਾਡਾ ਮੰਨਣਾ ਹੈ ਕਿ ਆਧੁਨਿਕ ਪੁਲਿਸ ਪ੍ਰਣਾਲੀ ਲਈ ਮਜ਼ਬੂਤ ਸੰਚਾਰ ਪ੍ਰਣਾਲੀ ਜ਼ਰੂਰੀ ਹੈ।” ਇਸ ਤੋਂ ਇਲਾਵਾ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਅਤਿ-ਆਧੁਨਿਕ ਹਥਿਆਰ ਅਤੇ ਆਵਾਜਾਈ ਦੇ ਬਿਹਤਰ ਸਾਧਨ ਵੀ ਹੋਣੇ ਚਾਹੀਦੇ ਹਨ। ਕਮੇਟੀ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ 21ਵੀਂ ਸਦੀ ਦੇ ਭਾਰਤ ‘ਚ ਵੀ ਅਜਿਹੇ ਪੁਲਸ ਸਟੇਸ਼ਨ ਹਨ, ਜਿਨ੍ਹਾਂ ‘ਚ ਟੈਲੀਫੋਨ ਜਾਂ ਵਾਇਰਲੈੱਸ ਸਹੂਲਤਾਂ ਨਹੀਂ ਹਨ। ਅਰੁਣਾਚਲ ਪ੍ਰਦੇਸ਼, ਉੜੀਸਾ ਅਤੇ ਪੰਜਾਬ ਵਰਗੇ ਸੰਵੇਦਨਸ਼ੀਲ ਰਾਜਾਂ ਦੀ ਇਹੀ ਸਥਿਤੀ ਹੈ। ਇੱਥੇ ਇਹ ਵੀ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਰਾਜਾਂ ਨੂੰ 2018-19 ਵਿੱਚ ਬਿਹਤਰ ਕਾਰਗੁਜ਼ਾਰੀ ਲਈ ਪ੍ਰੋਤਸਾਹਨ ਵੀ ਦਿੱਤਾ ਗਿਆ ਸੀ।
ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਰਾਜ ਪੁਲਿਸ ਬਲਾਂ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ 5.30 ਲੱਖ ਤੋਂ ਵੱਧ ਅਸਾਮੀਆਂ ਖਾਲੀ ਹਨ। ਕਮੇਟੀ ਅਨੁਸਾਰ ਪੁਲੀਸ ਮੁਲਾਜ਼ਮਾਂ ਦੀਆਂ ਕੁੱਲ ਮਨਜ਼ੂਰ ਅਸਾਮੀਆਂ 26,23,225 ਹਨ। ਇਸ ਤਰ੍ਹਾਂ ਇਸ ਸਮੇਂ ਕਰੀਬ 21 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। ਜ਼ਿਆਦਾਤਰ ਅਸਾਮੀਆਂ ਕਾਂਸਟੇਬਲ ਰੈਂਕ ‘ਤੇ ਹਨ।