ਕਟਕ – ਕਪਤਾਨ ਰੋਹਿਤ ਸ਼ਰਮਾ ਦੇ ਤੇਜ਼ਤੱਰਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਇਥੇ ਇੰਗਲੈਂਡ ਨੂੰ ਦੂਜੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਜੇਤੂ ਲੀਡ ਲੈ ਲਈ ਹੈ।
ਰੋਹਿਤ ਨੇ 90 ਗੇਂਦਾਂ ਵਿਚ 119 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ 12 ਚੌਕੇ ਅਤੇ 7 ਛੱਕੇ ਜੜੇ। ਮੇਜ਼ਬਾਨ ਟੀਮ ਨੇ ਇੰਗਲੈਂਡ ਵੱਲੋਂ ਦਿੱਤੇ ਗਏ 305 ਦੌੜਾਂ ਦੇ ਟੀਚੇ ਨੂੰ 44.3 ਓਵਰਾਂ ਵਿਚ 308 ਦੌੜਾਂ ਬਣਾ ਕੇ ਪੂਰਾ ਕੀਤਾ। ਭਾਰਤ ਦੀ ਇੰਗਲੈਂਡ ਖਿਲਾਫ਼ ਇਹ ਲਗਾਤਾਰ ਸੱਤਵੀਂ ਜਿੱਤ ਹੈ। ਰੋਹਿਤ ਨੇ ਆਪਣੀ ਪਾਰੀ ਦੌਰਾਨ 49ਵਾਂ ਸੈਂਕੜਾ ਜੜਿਆ ਅਤੇ ਰਾਹੁਲ ਦਰਾਵਿੜ ਦੇ 48 ਸੈਂਕੜਿਆਂ ਨੂੰ ਪਿੱਛੇ ਛੱਡ ਦਿੱਤਾ। ਰੋਹਿਤ ਨੇ ਸ਼ੁਭਮਨ ਗਿੱਲ (60) ਨਾਲ ਪਹਿਲੇ ਵਿਕਟ ਲਈ 136 ਦੌੜਾਂ ਦੀ ਭਾਈਵਾਲੀ ਵੀ ਕੀਤੀ। ਦੋਵਾਂ ਦਰਮਿਆਨ ਇਹ ਸੈਂਕੜੇ ਤੋਂ ਵੱਧ ਦੀ 6ਵੀਂ ਭਾਈਵਾਲੀ ਸੀ। ਹੋਰਨਾਂ ਬੱਲੇਬਾਜ਼ਾਂ ਵਿਚ ਸ਼੍ਰੇਅਸ ਅਈਅਰ ਨੇ 44 ਅਤੇ ਅਕਸ਼ਰ ਪਟੇਲ ਨੇ ਨਾਬਾਦ 41 ਦੌੜਾਂ ਦਾ ਯੋਗਦਾਨ ਪਾਇਆ। ਵਿਰਾਟ ਕੋਹਲੀ ਪੰਜ ਦੌੜਾਂ ਹੀ ਬਣਾ ਸਕਿਆ। ਇਸ ਤੋਂ ਪਹਿਲਾਂ ਜੋਅ ਰੂਟ ਦੀਆਂ 69 ਅਤੇ ਸਲਾਮੀ ਬੱਲੇਬਾਜ਼ ਬੈੱਨ ਡਕੇਟ ਦੀਆਂ 65 ਦੌੜਾਂ ਦੀ ਪਾਰੀ ਸਦਕਾ ਇੰਗਲੈਂਡ ਨੇ 49.5 ਓਵਰਾਂ ਵਿਚ 304 ਦੌੜਾਂ ਦਾ ਸਕੋਰ ਬਣਾਇਆ ਸੀ। ਭਾਰਤ ਲਈ ਰਵਿੰਦਰ ਜਡੇਜਾ ਤਿੰਨ ਵਿਕਟ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ।