ਢਾਕਾ – ਸਟ੍ਰਾਈਕਰ ਦਿਲਪ੍ਰਰੀਤ ਸਿੰਘ ਦੀ ਹੈਟਿ੍ਕ ਨਾਲ ਪਿਛਲੀ ਵਾਰ ਦੀ ਜੇਤੂ ਤੇ ਟੋਕੀਓ ਓਲੰਪਿਕ ਦੀ ਕਾਂਸੇ ਦਾ ਮੈਡਲ ਜੇਤੂ ਭਾਰਤੀ ਟੀਮ ਨੇ ਬੁੱਧਵਾਰ ਨੂੰ ਇੱਥੇ ਮੇਜ਼ਬਾਨ ਬੰਗਲਾਦੇਸ਼ ਨੂੰ 9-0 ਨਾਲ ਹਰਾ ਕੇ ਏਸ਼ਿਆਈ ਚੈਂਪੀਅਨਜ਼ ਟਰਾਫੀ ਮਰਦ ਹਾਕੀ ਟੂਰਨਾਮੈਂਟ ਵਿਚ ਪਹਿਲੀ ਜਿੱਤ ਦਰਜ ਕੀਤੀ। ਦਿਲਪ੍ਰਰੀਤ ਸਿੰਘ (12ਵੇਂ, 22ਵੇਂ, ਤੇ 45ਵੇਂ) ਨੇ ਭਾਰਤ ਲਈ ਤਿੰਨ ਮੈਦਾਨੀ ਗੋਲ ਕੀਤੇ ਜਦਕਿ ਜਰਮਨਪ੍ਰਰੀਤ ਸਿੰਘ (33ਵੇਂ, 43ਵੇਂ) ਨੇ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ। ਇਸ ਵਿਚਾਲੇ ਲਲਿਤ ਉਪਾਧਿਆਏ (28ਵੇਂ) ਨੇ ਉੱਪ ਕਪਤਾਨ ਹਰਮਨਪ੍ਰਰੀਤ ਸਿੰਘ ਦੇ ਪੈਨਲਟੀ ਕਾਰਨਰ ਨਾਲ ਕੀਤੀ ਗਈ ਫਲਿਕ ਨੂੰ ਗੋਲ ਵਿਚ ਬਦਲਿਆ। ਆਕਾਸ਼ਦੀਪ ਸਿੰਘ (54ਵੇਂ ਮਿੰਟ) ਨੇ ਮੈਦਾਨੀ ਗੋਲ ਕੀਤਾ ਜਦਕਿ ਮਨਦੀਪ ਮੋਰ ਨੇ 55ਵੇਂ ਮਿੰਟ ਵਿਚ ਦੇਸ਼ ਲਈ ਆਪਣਾ ਪਹਿਲਾ ਗੋਲ ਕੀਤਾ। ਇੰਨਾ ਹੀ ਕਾਫੀ ਨਹੀਂ ਸੀ ਕਿ ਹਰਮਨਪ੍ਰਰੀਤ ਨੇ ਵੀ ਸਕੋਰਸ਼ੀਟ ਵਿਚ ਆਪਣਾ ਨਾਂ ਲਿਖਵਾ ਦਿੱਤਾ। ਉਨ੍ਹਾਂ ਨੇ 57ਵੇਂ ਮਿੰਟ ਵਿਚ ਭਾਰਤ ਦੇ 13ਵੇਂ ਪੈਨਲਟੀ ਕਾਰਨਰ ਨੂੰ ਗੋਲ ਵਿਚ ਤਬਦੀਲ ਕੀਤਾ। ਟੋਕੀਓ ਓਲੰਪਿਕ ਦੀ ਇਤਿਹਾਸਕ ਮੁਹਿੰਮ ਤੋਂ ਬਾਅਦ ਕੁਝ ਨਵੇਂ ਖਿਡਾਰੀਆਂ ਦੇ ਨਾਲ ਪਹਿਲਾ ਟੂਰਨਾਮੈਂਟ ਖੇਡ ਰਹੀ ਮਨਪ੍ਰਰੀਤ ਸਿੰਘ ਦੀ ਅਗਵਾਈ ਵਿਚ ਭਾਰਤੀ ਟੀਮ ਨੇ ਮੰਗਲਵਾਰ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਕੋਰੀਆ ਨਾਲ 2-2 ਨਾਲ ਡਰਾਅ ਖੇਡਿਆ ਸੀ। ਭਾਰਤੀ ਟੀਮ ਹੁਣ ਸ਼ੁੱਕਰਵਾਰ ਨੂੰ ਰਾਊਂਡ ਰਾਬਿਨ ਗੇੜ ਵਿਚ ਧੁਰ ਵਿਰੋਧੀ ਪਾਕਿਸਾਨ ਨਾਲ ਭਿੜੇਗੀ।