ਸੰਯੁਕਤ ਰਾਸ਼ਟਰ – ਭਾਰਤ ਨੇ ਸੰਯੁਕਤ ਰਾਸ਼ਟਰ ਨੂੰ ਟੀਕਾ ਉਤਪਾਦਨ ਸਮਰੱਥਾ ਵਧਾਉਣ ਦਾ ਭਰੋਸਾ ਦਿੱਤਾ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਦੇ ਕਈ ਦੇਸ਼ਾਂ ਨੂੰ ਮੈਡੀਕਲ ਸਹਾਇਤਾ ਤੇ ਟੀਕੇ ਮੁਹੱਈਆ ਕਰਵਾਏ ਹਨ।
ਸੰਯੁਕਤ ਰਾਸ਼ਟਰ ਮਹਾਸਬਾ ‘ਚ ‘ਸੰਕਟ, ਲੀਚਲਾਪਣ ਤੇ ਸਿਹਤ ਲਾਭ-2030 ਏਜੰਡੇ ਦੀ ਦਿਸ਼ਾ ‘ਚ ਤਰੱਕੀ’ ਵਿਸ਼ੇ ‘ਤੇ ਚਰਚਾ ਦੌਰਾਨ ਤਿਰੂਮੂਰਤੀ ਨੇ ਕਿਹਾ, ‘ਅਸੀਂ ਅਜਿਹੇ ਸਮੇਂ ਮਿਲ ਰਹੇ ਹਾਂ ਜਦੋਂ ਕੋਰੋਨਾ ਸੰਕਟ ਕਿਤੇ ਵੀ ਖ਼ਤਮ ਹੋਣ ਨੇੜੇ ਨਹੀਂ ਹੈ। ਟੀਕਿਆਂ ਦੀ ਸ਼ੁਰੂਆਤ ਨਾਲ ਉਮੀਦੇ ਹੈ ਕਿ ਅਸੀਂ ਹਾਲਾਤ ਬਦਲਣ ‘ਚ ਕਾਮਯਾਬ ਹੋਵਾਂਗੇ।’ ਉਨ੍ਹਾਂ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਜ਼ਿਕਰ ਕੀਤਾ ਹੈ, ਅਸੀਂ ਮਹਾਮਾਰੀ ਨੂੰ ਖ਼ਤਮ ਕਰਨ ਲਈ ਹੋਰ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਾਂਗੇ। ਇਸ ਲਈ ਕੱਚੇ ਮਾਲ ਦੀ ਸਪਲਾਈ ਨੂੰ ਖੁੱਲ੍ਹਾ ਰੱਖਣਾ ਹੋਵੇਗਾ। ਅਸੀਂ ਨਵੇਂ ਭਾਰਤੀ ਟੀਕਿਆਂ ਦੇ ਉਤਪਾਦਨ ਨੂੰ ਵਧਾਵਾਂਗੇ।
ਭਾਰਤ ‘ਵੈਕਸੀਨ ਮੈਤਰੀ’ ਪ੍ਰੋਗਰਾਮ ਤਹਿਤ ਤੇ ਕੋਵੈਕਸ ਕੌਮਾਂਤਰੀ ਪੂਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ 2021 ਦੀ ਚੌਥੀ ਤਿਮਾਹੀ ‘ਚ ਕੋਰੋਨਾ ਰੋਕੂ ਟੀਕਿਆਂ ਦੀ ਬਰਾਮਦ ਮੁੜ ਤੋਂ ਸ਼ੁਰੂ ਕਰੇਗਾ। ਬੀਤੇ ਅਪ੍ਰਰੈਲ ਮਹੀਨੇ ‘ਚ ਦੇਸ਼ ‘ਚ ਮਹਾਮਾਰੀ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਸਰਕਾਰ ਨੇ ਟੀਕਿਆਂ ਦੀ ਬਰਾਮਦ ਰੋਕ ਦਿੱਤੀ ਸੀ। ਭਾਰਤ ਨੇ ਵਣਜ ਤੇ ਕੋਵੈਕਸ ਜ਼ਰੀਏ ਲਗਪਗ 100 ਦੇਸ਼ਾਂ ਨੂੰ 6.6 ਕਰੋੜ ਤੋਂ ਵੱਧ ਡੋਜ਼ ਦੀ ਬਰਾਮਦ ਕੀਤੀ ਹੈ।