ਆਬੂ ਧਾਬੀ – ਪਾਕਿਸਤਾਨ ਤੇ ਨਿਊਜ਼ੀਲੈਂਡ ਖ਼ਿਲਾਫ਼ ਨਾਕਾਮ ਰਹਿਣ ਵਾਲੇ ਭਾਰਤੀ ਬੱਲੇਬਾਜ਼ਾਂ ਨੇ ਮੁਕਾਬਲਤਨ ਕਮਜ਼ੋਰ ਅਫ਼ਗਾਨੀ ਗੇਂਦਬਾਜ਼ਾਂ ਦੇ ਸਾਹਮਣੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਤੈਅ 20 ਓਵਰਾਂ ’ਚ ਦੋ ਵਿਕਟਾਂ ’ਤੇ 210 ਦੌੜਾਂ ਦਾ ਸਕੋਰ ਬਣਾਇਆ। ਭਾਰਤ ਦੇ ਕੇਐੱਲ ਰਾਹੁਲ ਨੇ 48 ਗੇਂਦਾਂ ’ਤੇ ਛੇ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ ਜਦਕਿ ਉਨ੍ਹਾਂ ਦੇ ਸਾਥੀ ਰੋਹਿਤ ਸ਼ਰਮਾ (ਮੈਨ ਆਫ ਦ ਮੈਚ) ਨੇ 47 ਗੇਂਦਾਂ ਦੀ ਆਪਣੀ ਪਾਰੀ ਵਿਚ ਅੱਠ ਚੌਕੇ ਤੇ ਤਿੰਨ ਛੱਕੇ ਜੜਦਿਆਂ 74 ਦੌੜਾਂ ਦਾ ਸਕੋਰ ਬਣਾਇਆ।
ਰਿਸ਼ਭ ਪੰਤ ਨੇ 13 ਗੇਂਦਾਂ ’ਚ ਇਕ ਚੌਕੇ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਅਜੇਤੂ 27 ਤੇ ਹਾਰਦਿਕ ਪਾਂਡਿਆ ਨੇ 13 ਗੇਂਦਾਂ ’ਚ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਅਜੇਤੂ 35 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ’ਚ ਅਫ਼ਗਾਨਿਸਤਾਨ ਦੀ ਟੀਮ 20 ਓਵਰਾਂ ’ਚ ਸੱਤ ਵਿਕਟਾਂ ’ਤੇ 144 ਦੌੜਾਂ ਹੀ ਬਣਾ ਸਕੀ ਤੇ 66 ਦੌੜਾਂ ਨਾਲ ਮੁਕਾਬਲਾ ਗੁਆ ਬੈਠੀ। ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਖ਼ਿਲਾਫ਼ ਭਾਰਤੀ ਟੀਮ 151 ਤੇ ਨਿਊਜ਼ੀਲੈਂਡ ਖ਼ਿਲਾਫ਼ 110 ਦੌੜਾਂ ਹੀ ਬਣਾ ਸਕੀ ਸੀ। ਭਾਰਤ ਨੂੰ ਪਾਕਿ ਖ਼ਿਲਾਫ਼ 10 ਤੇ ਨਿਊਜ਼ੀਲੈਂਡ ਖ਼ਿਲਾਫ਼ ਅੱਠ ਵਿਕਟਾਂ ਨਾਲ ਹਾਰ ਮਿਲੀ ਸੀ। ਇਨ੍ਹਾਂ ਦੋ ਮੈਚਾਂ ਵਿਚ ਹਾਰ ਤੋਂ ਬਾਅਦ ਟੀਮ ਇੰਡੀਆ ਦਾ ਸੈਮੀਫਾਈਨਲ ਵਿਚ ਪੁੱਜਣ ਦਾ ਰਾਹ ਬਹੁਤ ਮੁਸ਼ਕਲ ਹੋ ਗਿਆ ਹੈ।