ਭਾਰਤ ਦੇ ਵਿੱਚ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਪਹਿਲੇ ਹੀ ਦਿਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਵੱਡਾ ਹੰਗਾਮਾ ਹੋਇਆ ਜਿਸ ਕਾਰਣ ਸਦਨ ਦੀ ਕਾਰਵਾਈ ਵਾਰ-ਵਾਰ ਮੁਲਤਵੀ ਕਰਨੀ ਪਈ। ਇਸ ਦੌਰਾਨ ਸਰਕਾਰ ਸੰਸਦ ਵਿੱਚ ‘ਆਪ੍ਰੇਸ਼ਨ ਸਿੰਦੂਰ’ ‘ਤੇ ਚਰਚਾ ਕਰਨ ਲਈ ਸਹਿਮਤ ਹੋ ਗਈ ਹੈ। ਇਸ ਮੁੱਦੇ ‘ਤੇ ਲੋਕ ਸਭਾ ਵਿੱਚ 16 ਘੰਟੇ ਅਤੇ ਰਾਜ ਸਭਾ ਵਿੱਚ 9 ਘੰਟੇ ਬਹਿਸ ਹੋਵੇਗੀ।
ਵਪਾਰ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਲੋਕ ਸਭਾ ਵਿੱਚ ਵੱਖ-ਵੱਖ ਬਿੱਲਾਂ ਅਤੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। ‘ਆਪ੍ਰੇਸ਼ਨ ਸਿੰਦੂਰ’ ਬਾਰੇ ਲੋਕ ਸਭਾ ਵਿੱਚ 16 ਘੰਟੇ ਅਤੇ ਰਾਜ ਸਭਾ ਵਿੱਚ 9 ਘੰਟੇ ਚਰਚਾ ਲਈ ਸਹਿਮਤੀ ਬਣੀ ਹੈ। ਇਸ ਤੋਂ ਇਲਾਵਾ ‘ਭਾਰਤੀ ਡਾਕ ਬਿੱਲ’ ‘ਤੇ ਲੋਕ ਸਭਾ ਵਿੱਚ 3 ਘੰਟੇ ਚਰਚਾ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ‘ਆਮਦਨ ਟੈਕਸ ਸੋਧ ਬਿੱਲ’ ‘ਤੇ ਲੋਕ ਸਭਾ ਵਿੱਚ 12 ਘੰਟੇ ਵਿਸਥਾਰਤ ਚਰਚਾ ਹੋਵੇਗੀ। ਇਸ ਤੋਂ ਇਲਾਵਾ ‘ਰਾਸ਼ਟਰੀ ਖੇਡ ਬਿੱਲ’ ‘ਤੇ 8 ਘੰਟੇ ਚਰਚਾ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ ਅਤੇ ‘ਮਨੀਪੁਰ ਬਜਟ’ ‘ਤੇ 2 ਘੰਟੇ ਚਰਚਾ ਹੋਵੇਗੀ।
ਇਸ ਦੇ ਨਾਲ ਹੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੇ 1975 ਦੀ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ‘ਤੇ ਚਰਚਾ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਹੜ੍ਹ ਦੀ ਸਥਿਤੀ ‘ਤੇ ਚਰਚਾ ਦੀ ਮੰਗ ਕੀਤੀ ਹੈ।
ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ‘ਆਪ੍ਰੇਸ਼ਨ ਸਿੰਦੂਰ’ ਅਤੇ ‘ਪਹਿਲਗਾਮ ਅੱਤਵਾਦੀ ਹਮਲੇ’ ‘ਤੇ ਸਦਨ ਵਿੱਚ ਚਰਚਾ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਜਿਸ ਕਾਰਣ ਲੋਕ ਸਭਾ ਸਪੀਕਰ ਨੇ ਪਹਿਲਾਂ ਸਦਨ ਦੀ ਕਾਰਵਾਈ 12 ਵਜੇ ਤੱਕ ਅਤੇ ਫਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਰਾਹੁਲ ਗਾਂਧੀ ਨੇ ਲੋਕ ਸਭਾ ਦੀ ਕਾਰਵਾਈ ਵਿੱਚ ਵਿਘਨ ਪਾਉਣ ਲਈ ਕੇਂਦਰ ਸਰਕਾਰ ‘ਤੇ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਕਿ ਮੈਂ ਵਿਰੋਧੀ ਧਿਰ ਦਾ ਨੇਤਾ ਹਾਂ ਪਰ ਮੈਨੂੰ ਸਦਨ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਇਸ ਵਾਰ ਮਾਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ। ਇਹ ਸੈਸ਼ਨ 32 ਦਿਨਾਂ ਤੱਕ ਚੱਲੇਗਾ। ਇਸ ਦੌਰਾਨ 21 ਮੀਟਿੰਗਾਂ ਹੋਣਗੀਆਂ। ਸੰਸਦ ਦੇ ਦੋਵੇਂ ਸਦਨਾਂ ਨੂੰ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ 12 ਅਗਸਤ ਤੋਂ 17 ਅਗਸਤ ਤੱਕ ਮੁਲਤਵੀ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਸੈਸ਼ਨ 18 ਅਗਸਤ ਨੂੰ ਮੁੜ ਸ਼ੁਰੂ ਹੋਵੇਗਾ।