ਨਵੀਂ ਦਿੱਲੀ – ਰਖਿਆ ਮੰਤਰੀ ਰਾਜਨਾਥ ਸਿੰਘ ਨੇ ਯਮੁਨਾਨਗਰ ਦੇ ਬਿਲਾਸਪੁਰ ਵਿਚ ਆਯੋਜਤ ਭਾਜਪਾ ਦੀ ਜਨ ਆਸ਼ੀਰਵਾਦ ਰੈਲੀ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਅਮਰੀਕਾ ਵਿਚ ਸਾਡੇ ਸਿੱਖ ਭਰਾਵਾਂ ਬਾਰੇ ਭੱਦੀ ਸ਼ਬਦਾਵਲੀ ਬੋਲ ਰਹੇ ਹਨ ਕਿ ‘‘ਉਨ੍ਹਾਂ ਨੂੰ ਕੜਾ ਪਹਿਨ ਕੇ ਭਾਰਤ ਦੇ ਗੁਰਦੁਆਰੇ ਜਾਣ ਤੋਂ ਪਹਿਲਾਂ ਸੋਚਣਾ ਪੈਂਦਾ ਹੈ।’’ ਮੈਂ ਰਾਹੁਲ ਗਾਂਧੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰਨ।ਭਾਰਤ ਦੇ ਸਭਿਆਚਾਰ ਅਤੇ ਸਵੈਮਾਣ ਦੀ ਰਾਖੀ ਵਿਚ ਸਿੱਖ ਕੌਮ ਦੇ ਯੋਗਦਾਨ ਨੂੰ ਸਮੁਚਾ ਦੇਸ਼ ਕਦੇ ਵੀ ਭੁਲਾ ਨਹੀਂ ਸਕਦਾ। ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਚੀਨ ’ਤੇ ਕਈ ਬਿਆਨ ਦਿੱਤੇ ਹਨ। ਅੱਜ ਫ਼ੌਜ ਮੁਖੀ ਨੇ ਵੀ ਖੁੱਲ੍ਹ ਕੇ ਕਿਹਾ ਹੈ ਕਿ ਭਾਰਤ ਕਮਜ਼ੋਰ ਦੇਸ਼ ਨਹੀਂ ਹੈ। ਭਾਰਤ ਵਿਸ਼ਵ ਵਿਚ ਇਕ ਮਜ਼ਬੂਤ ਦੇਸ਼ ਬਣ ਗਿਆ ਹੈ। ‘ਅਸੀਂ ਸਪੱਸ਼ਟ ਸੰਦੇਸ਼ ਦਿਤਾ ਹੈ ਕਿ ਭਾਰਤ ਦੇ ਅੰਦਰ ਹੁਣ ਇਹ ਨਿਯਮ ਹੈ ਕਿ ਭਾਰਤ ਇਸ ਪਾਸੇ ਵੀ ਮਾਰ ਸਕਦਾ ਹੈ ਅਤੇ ਜੇ ਲੋੜ ਪਈ ਤਾਂ ਉਸ ਪਾਸੇ ਵੀ ਮਾਰ ਸਕਦਾ ਹੈ।’
ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਬਿਨਾਂ ਖ਼ਰਚੇ ਦੀਆਂ ਪਰਚੀਆਂ ਦੇ ਨੌਕਰੀਆਂ ਦਿਤੀਆਂ ਹਨ ਅਤੇ ਅੱਗੇ ਵੀ ਦਿੰਦੇ ਰਹਾਂਗੇ। ਜਿਥੇ ਵੀ ਉਹ ਅਪਣੀ ਸਰਕਾਰ ਬਣਾਉਣਗੇ, ਦਲਿਤਾਂ ਨਾਲ ਬੇਇਨਸਾਫ਼ੀ ਕਰਨਗੇ, ਸਾਨੂੰ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚਲਣ ਦੀ ਲੋੜ ਹੈ, ਰਾਹੁਲ ਗਾਂਧੀ ਨੂੰ ਅਮਰੀਕਾ ਵਿਚ ਸਿੱਖਾਂ ਬਾਰੇ ਅਜਿਹੀਆਂ ਗੱਲਾਂ ਕਰ ਕੇ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਭਾਜਪਾ ਭਾਰਤ ਦੇ ਸਵੈਮਾਣ ਦੀ ਰਾਖੀ ਵਿਚ ਸਿੱਖਾਂ ਦੀ ਭੂਮਿਕਾ ਨੂੰ ਪਛਾਣਦੀ ਹੈ।