ਦੇਹਰਾਦੂਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਭਾਰਤ 2025 ਤੱਕ 5000 ਅਰਬ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ। ਉਨ੍ਹਾਂ ਇੱਥੇ ਉੱਤਰਾਖੰਡ ਆਲਮੀ ਨਿਵੇਸ਼ਕ ਸਿਖਰ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਸਦਕਾ ਭਾਰਤ ਪਿਛਲੇ ਇੱਕ ਦਹਾਕੇ ਦੌਰਾਨ ਹਰ ਮੋਰਚੇ ’ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸ਼ਾਹ ਨੇ ਕਿਹਾ, ‘‘ਦੁਨੀਆ ਅੱਜ ਭਾਰਤ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ। 2014 ਤੋਂ 2023 ਦਰਮਿਆਨ ਭਾਰਤ ਦੁਨੀਆ ਦੀ 11ਵੀਂ ਅਰਥਵਿਵਸਥਾ ਤੋਂ ਉੱਪਰ ਉੱਠ ਕੇ ਪੰਜਵੀਂ (ਸਭ ਤੋਂ ਵੱਡੀ) ਅਰਥਵਿਵਸਥਾ ਬਣ ਗਿਆ ਹੈ।’’ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਦੌਰਾਨ ਦੇਸ਼ ਨੇ ਪਹਿਲਾਂ ਕਦੇ ਇੰਨੀ ਵੱਡੀ ਛਾਲ ਨਹੀਂ ਮਾਰੀ। ਉਨ੍ਹਾਂ ਇਸ ਦਾ ਸਿਹਰਾ ਮੋਦੀ ਦੀ ਯੋਗ ਅਗਵਾਈ ਅਤੇ ਆਪਣੇ ਟੀਚੇ ਨੂੰ ਹਕੀਕਤ ਵਿੱਚ ਬਦਲਣ ਦੀ ਉਨ੍ਹਾਂ ਦੀ ਸਮਰੱਥਾ ਨੂੰ ਦਿੱਤਾ। ਸ਼ਾਹ ਨੇ ਕਿਹਾ ਕਿ ਮੋਦੀ ਜਲਵਾਯੂ ਤਬਦੀਲੀ ਖ਼ਿਲਾਫ਼ ਅੰਦੋਲਨ ਦੀ ਅਗਵਾਈ ਕਰ ਰਹੇ ਹਨ, ਉਹ ਅਤਿਵਾਦ ਮੁਕਤ ਦੁਨੀਆ ਲਈ ਕੌਮਾਂਤਰੀ ਮੁਹਿੰਮ ਦੀ ਅਗਵਾਈ ਕਰਨ ਤੋਂ ਇਲਾਵਾ ਆਪਣੇ ਮੇਕ ਇਨ ਇੰਡੀਆ ਪ੍ਰੋਗਰਾਮ ਜ਼ਰੀਏ ਦੁਨੀਆ ਦੀ ਧੀਮੀ ਹੁੰਦੀ ਜਾ ਰਹੀ ਜੀਡੀਪੀ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੀ20 ਦਿੱਲੀ ਐਲਾਨ ਪੱਤਰ ਕੂਟਨੀਤਕ ਮੋਰਚੇ ’ਤੇ ਭਾਰਤ ਦੀ ਵੱਡੀ ਪ੍ਰਾਪਤੀ ਹੈ, ਜਿਸ ਨੂੰ ਦੁਨੀਆ ਆਉਣ ਵਾਲੇ ਦਹਾਕਿਆਂ ਤੱਕ ਯਾਦ ਰੱਖੇਗੀ।
ਸ਼ਾਹ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋ ਗਈ ਹੈ ਅਤੇ ਇਸ ਦੌਰਾਨ ਦੇਸ਼ ਭਰ ਵਿੱਚ ਸਾਢੇ 13 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਕਿਹਾ, ‘‘ਆਈਐੱਮਐੱਫ ਨੇ ਭਾਰਤ ਨੂੰ ਹਨੇਰੇ ਵਿੱਚ ਇੱਕ ਚਮਕਦਾ ਸਥਾਨ ਬਣਾਇਆ ਹੈ। ਮਾਰਗਨ ਸਟੈਨਲੀ ਨੇ ਕਿਹਾ ਕਿ 2027 ਤੱਕ ਭਾਰਤ ਜਾਪਾਨ ਅਤੇ ਜਰਮਨੀ ਤੋਂ ਅੱਗੇ ਨਿਕਲ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਇਹ ਚੰਗੇ ਸੰਕੇਤ ਹਨ। ਭਾਰਤ ਦਾ ਸਮਾਂ ਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਸੰਮੇਲਨ ਲਈ ਦੋ ਲੱਖ ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਦਾ ਟੀਚਾ ਰੱਖਿਆ ਹੈ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਅਸੰਭਵ ਹੈ। ਸ਼ਾਹ ਨੇ ਕਿਹਾ, ‘‘ਮੈਂ ਉਨ੍ਹਾਂ ਨੂੰ ਪਹਿਲਾਂ ਹੀ ਵੱਖ ਵੱਖ ਕੰਪਨੀਆਂ ਨਾਲ ਤਿੰਨ ਲੱਖ ਕਰੋੜ ਰੁਪਏ ਦੇ ਨਿਵੇਸ਼ ਸਮਝੌਤਿਆਂ ’ਤੇ ਦਸਤਖ਼ਤ ਕਰਨ ਲਈ ਵਧਾਈ ਦਿੰਦਾ ਹਾਂ।’’