ਸੁਕਮਾ – ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨੇ ਇਕ ਇਨਾਮੀ ਨਕਸਲੀ ਸਮੇਤ 8 ਨਕਸਲੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵਿਸਫ਼ੋਟਕ ਬਰਾਮਦ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਗਰਗੁੰਡਾ ਥਾਣਾ ਖੇਤਰ ‘ਚ ਸੁਰੱਖਿਆ ਫ਼ੋਰਸਾਂ ਨੇ 8 ਨਕਸਲੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ 12 ਸਤੰਬਰ ਨੂੰ ਜਗਰਗੁੰਡਾ ਥਾਣਾ ਖੇਤਰ ‘ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.), ਜ਼ਿਲ੍ਹਾ ਫ਼ੋਰਸ, ਬਸਤਰ ਫਾਈਟਰ ਅਤੇ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਸੰਯੁਕਤ ਟੀਮ ਨੂੰ ਗਸ਼ਤ ਲਈ ਰਵਾਨਾ ਕੀਤਾ ਗਿਆ ਸੀ।ਇਹ ਸੰਯੁਕਤ ਟੀਮ ਜਦੋਂ ਬੈਨਪੱਲੀ ਪਿੰਡ ਦੇ ਕਰੀਬ ਪਹੁੰਚੀ, ਉਦੋਂ ਕੁਝ ਸ਼ੱਕੀ ਵਿਅਕਤੀ ਉੱਥੋਂ ਦੌੜਨ ਲੱਗੇ। ਬਾਅਦ ‘ਚ ਸੁਰੱਖਿਆ ਫ਼ੋਰਸਾਂ ਨੇ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਨਕਸਲੀਆਂ ‘ਚ ਮਿਲਿਸ਼ੀਆ ਕਮਾਂਡਰ ਮੁਚਾਕੀ ਪਾਲਾ (33) ਵੀ ਸ਼ਾਮਲ ਹੈ। ਪਾਲਾ ਦੇ ਸਿਰ ‘ਤੇ ਇਕ ਲੱਖ ਰੁਪਏ ਦਾ ਇਨਾਮ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਨਕਸਲੀਆਂ ਤੋਂ ਵੱਡੀ ਮਾਤਰਾ ‘ਚ ਵਿਸਫ਼ੋਟਕ ਬਰਾਮਦ ਕੀਤਾ ਗਿਆ ਹੈ। ਨਕਸਲੀਆਂ ਨੇ ਪੁੱਛ-ਗਿੱਛ ‘ਚ ਦੱਸਿਆ ਕਿ ਉਹ ਨਕਸਲੀ ਨੇਤਾਵਾਂ ਦੇ ਕਹਿਣ ‘ਤੇ ਸੁਰੱਖਿਆ ਫ਼ੋਰਸਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਿਸਫ਼ੋਟ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਖੇਤਰ ‘ਚ ਨਕਸਲੀਆਂ ਖ਼ਿਲਾਫ਼ ਮੁਹਿੰਮ ਜਾਰੀ ਹੈ।