ਖੰਨਾ – ਐਤਵਾਰ ਨੂੰ ਸਵੇਰੇ ਤੋਂ ਲਗਾਤਾਰ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ। ਮੀਂਹ ਪੈਂਦਾ ਦੇਖ ਕਿਸਾਨਾਂ ਦੀਆਂ ਧਾਹਾਂ ਨਿਕਲ ਰਹੀਆਂ ਹਨ। ਜ਼ੋਰਦਾਰ ਮੀਂਹ ਨਾਲ ਜਿੱਥੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ, ਉੱਥੇ ਹੀ ਸਾਰਾ ਸ਼ਹਿਰ ਵੀ ਜਲ ਥਲ ਇਕ ਹੋ ਗਿਆ। ਵਾਢੀ ਲਈ ਪੱਕ ਕੇ ਤਿਆਰ ਹੋਈ ਝੋਨੇ ਦੀ ਫ਼ਸਲ ਤੇਜ਼ ਹਵਾਵਾਂ ਅਤੇ ਮੀਂਹ ਨਾਲ ਡਿੱਗ ਗਈ। ਪਿੰਡ ਇਕੋਲਾਹੀ ਦੇ ਕਿਸਾਨ ਕੁਲਦੀਪ ਸਿੰਘ ਨੇ ਡਿੱਗੀ ਫ਼ਸਲ ਦਿਖਾਉਂਦੇ ਹੋਏ ਕਿਹਾ ਕਿ ਮੀਂਹ ਨਾਲ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਕੁਝ ਦਿਨ ਪਹਿਲਾਂ ਬੀਜੇ ਆਲੂਆਂ ਦਾ ਵੀ ਨੁਕਸਾਨ ਹੋਇਆ ਹੈ। ਖੇਤਾਂ ਵਿੱਚ ਪਾਣੀ ਖੜ੍ਹਨ ਨਾਲ ਆਲੂਆਂ ਦਾ ਬੀਜ ਖ਼ਰਾਬ ਹੋਣ ਦਾ ਡਰ ਹੈ। ਮੀਂਹ ਦੇ ਨਾਲ ਤੇਜ਼ ਹਵਾ ਨਾਲ ਪੱਕੀ ਫ਼ਸਲ ਦਾ ਦਾਣਾ ਵੀ ਝੜ ਗਿਆ। ਜਿਸ ਕਰਕੇ ਝਾੜ ਬਹੁਤ ਘੱਟ ਨਿਕਲੇਗਾ।
ਮੀਂਹ ਨਾਲ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ਼ ਮੰਡੀ ਖੰਨਾ ਵੀ ਪਾਣੀ ਨਾਲ ਭਰ ਗਈ। ਆੜ੍ਹਤੀਆ ਵੱਲੋ ਫ਼ਸਲ ਨੂੰ ਤਰਪਾਲਾਂ ਨਾਲ ਢੱਕ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰੀ ਮੀਂਹ ਨਾਲ ਮੰਡੀ ਵਿੱਚ ਆਈ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ।