ਚੰਡੀਗੜ੍ਹ – ਉੱਤਰਾਖੰਡ ਦੇ ਬਾਜਪੁਰ ਤੇ ਕੇਲਾਖੇਡ਼ਾ ’ਚ ਸ਼ਰਨ ਲੈਣ ਵਾਲਾ ਅੱਤਵਾਦੀ ਸੁਖਪ੍ਰੀਤ ਉਰਫ ਸੁੱਖ ਪਾਕਿਸਤਾਨ ਸਥਿਤ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਤੇ ਗੈਂਗਸਟਰ ਅਰਸ਼ ਢਾਲਾ ਦੇ ਸੰਪਰਕ ’ਚ ਸੀ। ਰੋਡੇ ਭਿੰਡਰਾਂਵਾਲਾ ਦਾ ਭਤੀਜਾ ਹੈ। ਉਸੇ ਦੇ ਇਸ਼ਾਰੇ ’ਤੇ ਸੁਖਪ੍ਰੀਤ ਇੱਥੇ ਕੰਮ ਕਰਨ ਆਇਆ ਸੀ। ਉਸ ਨੂੰ ਇੱਥੇ ਨੌਜਵਾਨਾਂ ਨੂੰ ਅੱਤਵਾਦੀ ਹਮਲੇ ਲਈ ਤਿਆਰ ਕਰ ਕੇ ਉਨ੍ਹਾਂ ਦਾ ਮਜ਼ਬੂਤ ਨੈੱਟਵਰਕ ਬਣਾਉਣ ਦੀ ਜਿੰਮੇਵਾਰੀ ਸੌਂਪੀ ਗਈ ਸੀ। ਇਸ ਦੀ ਪੁਸ਼ਟੀ ਉਸ ਨੂੰ ਸ਼ਰਨ ਦੇਣ ਵਾਲੇ ਗ੍ਰਿਫ਼ਤਾਰ ਚਾਰਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਕੀਤੀ ਹੈ। ਇਸ ਮਾਮਲੇ ’ਚ ਪੁਲਿਸ ਨੇ ਉਸ ਦੇ ਖ਼ਿਲਾਫ਼ ਮੰਗਲਵਾਰ ਨੂੰ 176 ਦਿਨਾਂ ਬਾਅਦ 10 ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਹੈ, ਜਿਸ ਵਿਚ ਅੱਤਵਾਦੀ ਨੈੱਟਵਰਕ ਤਿਆਰ ਕਰਨ ਦੀ ਪੂਰੀ ਸਾਜ਼ਿਸ਼ ਦਾ ਜ਼ਿਕਰ ਹੈ।
ਮੁੱਖ ਜਾਂਚ ਅਧਿਕਾਰੀ ਸੀਓ ਸਿਟੀ ਅਭੈ ਸਿੰਘ ਨੇ ਕਿਹਾ ਕਿ 22 ਜਨਵਰੀ ਨੂੰ ਐੱਸਟੀਐੱਫ ਤੇ ਊਧਮ ਸਿੰਘ ਨਗਰ ਪੁਲਿਸ ਨੇ ਸਾਂਝੇ ਤੌਰ ’ਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ, ਹਰਪ੍ਰੀਤ ਸਿੰਘ, ਗੁਰਪਾਲ ਸਿੰਘ, ਅਜਮੇਰ ਸਿੰਘ ਮੰਡ ਨੂੰ ਅੱਤਵਾਦੀ ਸੁੱਖ ਨੂੰ ਸ਼ਰਨ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ’ਚ ਚਾਰਾਂ ਨੇ ਕਿਹਾ ਕਿ ਅੱਤਵਾਦੀ ਨੂੰ ਸ਼ਰਨ ਦੇਣ ਵਾਲਾ ਮਾਸਟਰ ਮਾਈਂਡ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਹੈ। ਇੱਥੇ ਰਹਿਣ ਦੌਰਾਨ ਸੁੱਖ ਪਾਕਿਸਤਾਨ ਵਾਸੀ ਲਖਬੀਰ ਸਿੰਘ ਰੋਡੇ ਤੇ ਕੈਨੇਡਾ ਵਾਸੀ ਅਰਸ਼ ਢਾਲਾ ਨਾਲ ਇੰਟਰਨੈੱਟ ਤੇ ਵ੍ਹਟਸਐਪ ਕਾਲਿੰਗ ਨਾਲ ਜੁਡ਼ਿਆ ਸੀ। ਉਸ ਦੀ ਦੋਵਾਂ ਨਾਲ ਅਕਸਰ ਗੱਲ ਹੁੰਦੀ ਸੀ। 11 ਨਵੰਬਰ, 2021 ਨੂੰ ਪਠਾਨਕੋਟ ’ਚ ਹੋਏ ਗ੍ਰਨੇਡ ਹਮਲੇ ’ਚ ਵੀ ਸਿੱਖ ਯੂਥ ਫੈਡਰੇਸ਼ਨ ਦਾ ਹੀ ਹੱਥ ਸੀ।
ਸੀਓ ਸਿਟੀ ਨੇ ਕਿਹਾ ਕਿ ਜਾਂਚ ਦੌਰਾਨ ਪੁਲਿਸ ਟੀਮ ਪੰਜਾਬ ਵੀ ਗਈ ਸੀ। ਉੱਥੋਂ ਪਤਾ ਲੱਗਾ ਕਿ ਸੁੱਖ ਦੀ ਮੁਲਾਕਾਤ ਰੋਡੇ ਤੇ ਅਰਸ਼ ਢਾਲਾ ਨਾਲ ਗ੍ਰੀਸ ’ਚ ਹੋਈ ਸੀ। ਇੱਥੇ ਉਹ ਸਮੇਂ ’ਤੇ ਨਹੀਂ ਪਕਡ਼ ’ਚ ਆਉਂਦਾ ਤਾਂ ਊਧਮ ਸਿੰਘ ਨਗਰ ’ਚ ਵੀ ਨੈੱਟਵਰਕ ਖਡ਼੍ਹਾ ਕਰ ਦਿੰਦਾ, ਜਿਹਡ਼ਾ ਉੱਤਰਾਖੰਡ ਦੇ ਨਾਲ-ਨਾਲ ਪੂਰੇ ਦੇਸ਼ ਲਈ ਵੱਡੀ ਚੁਣੌਤੀ ਬਣਦਾ। ਸੁੱਖ ਹਾਲੇ ਗੁਰਦਾਸਪੁਰ ਜੇਲ੍ਹ ’ਚ ਹੈ।