Punjab

ਭੋਜਨ ਵਿੱਚ ਮਿਲਾਵਟ ਵਿਰੁੱਧ ਜੰਗ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਭੋਜਨ ਸੁਰੱਖਿਆ ਵੈਨਾਂ ਪ੍ਰਚੱਲਿਤ ਕਰਨ ਦੀ ਅਪੀਲ

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਮੁਤਾਬਿਕ ਹਰੇਕ ਬਾਸ਼ਿੰਦੇ ਲਈ ਸੁਰੱਖਿਅਤ ਭੋਜਨ ਯਕੀਨੀ ਬਣਾਉਣ ਦਾ ਸੱਦਾ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸੋਮਵਾਰ ਨੂੰ ਲੋਕਾਂ ਵਿੱਚ ਭੋਜਨ ਸੁਰੱਖਿਆ ਵੈਨਾਂ ਪ੍ਰਚੱਲਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਲੋਕਾਂ ਨੂੰ ਰੋਜ਼ਮਰਾਅ ਵਿੱਚ ਖਾਧੇ ਜਾਂਦੇ ਭੋਜਨ ਦੀ ਗੁਣਵੱਤਾ ਸਬੰਧੀ ਜਾਂਚ ਕਰਵਾਉਣ ਵੱਲ ਜਾਗਰੂਕ ਕੀਤਾ ਜਾ ਸਕੇ ।
ਡਾ. ਬਲਬੀਰ ਸਿੰਘ ਅੱਜ ਇੱਥੇ ਮਗਸੀਪਾ ਵਿਖੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਵਿਸ਼ੇਸ਼ ਅਧਿਕਾਰੀਆਂ (ਫੂਡ ਸੇਫਟੀ) ਲਈ ਕਰਵਾਏ ਪੰਜ ਰੋਜ਼ਾ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਡਾ. ਅਭਿਨਵ ਤ੍ਰਿਖਾ, ਐੱਫ.ਐੱਸ.ਐੱਸ.ਏ.ਆਈ. ਦੇ ਸਲਾਹਕਾਰ (ਸਾਇੰਸ ਐਂਡ ਸਟੈਂਡਰਡਜ਼) ਡਾ. ਅਲਕਾ ਰਾਓ, ਸੰਯੁਕਤ ਡਾਇਰੈਕਟਰ ਐੱਫ.ਐੱਸ.ਐੱਸ.ਏ.ਆਈ. ਅੰਕੇਸ਼ਵਰ ਮਿਸ਼ਰਾ, ਸੰਯੁਕਤ ਕਮਿਸ਼ਨਰ ਐੱਫ਼.ਡੀ.ਏ., ਪੰਜਾਬ ਡਾ. ਹਰਜੋਤ ਪਾਲ ਸਿੰਘ, ਡਾਇਰੈਕਟਰ ਲੈਬਜ਼ ਐੱਫ਼.ਡੀ.ਏ. ਪੰਜਾਬ ਰਵਨੀਤ ਕੌਰ ਸਿੱਧੂ ਵੀ ਹਾਜ਼ਰ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਾਰਿਆਂ ਲਈ ਸੁਰੱਖਿਅਤ ਭੋਜਨ ਯਕੀਨੀ ਬਣਾਉਣ ਲਈ ਫੂਡ ਸੇਫਟੀ ਅਫਸਰਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਉਹਨਾਂ ਕਿਹਾ, ‘‘ ਤੁਸੀਂ ਲੋਕਾਂ ਲਈ ਭੋਜਨ ਦੀ ਜਾਂਚ ਕਰਨ ਵਿੱਚ ਮਦਦ ਕਰਨ ਵਾਹਦ ਇਨਸਾਨ ਹੋ । ਇਸ ਲਈ ਭੋਜਨ ਸੁਰੱਖਿਆ ਵੈਨਾਂ ਦੀ ਉਪਲਬਧਤਾ ਬਾਰੇ, ਖਾਸ ਕਰਕੇ ਵਿਦਿਆਰਥੀਆਂ ਵਿੱਚ, ਜਾਗਰੂਕਤਾ ਪੈਦਾ ਕਰੋ’’ ।
ਸਿਹਤ ਮੰਤਰੀ ਨੇ ਕਿਹਾ ਕਿ ਚੰਗੀ ਸਿਹਤ ਦਾ ਮਤਲਬ ਕੇਵਲ ਬੀਮਾਰੀਆਂ ਦਾ ਨਾ ਹੋਣਾ ਹੀ ਨਹੀਂ ਹੁੰਦਾ, ਸਗੋਂ ਇਸ ਵਿੱਚ ਵਾਤਾਵਰਣ ਦੀ ਸਿਹਤ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਚਿੰਤਾਜਨਕ ਹੈ ਅਤੇ ਭੋਜਨ ਵਿੱਚ ਮਿਲਾਵਟ ਵੀ ਵੱਧ ਰਹੀ ਹੈ।
“ਸਿਹਤ ਮੰਤਰੀ ਹੋਣ ਦੇ ਨਾਤੇ ਇਹ ਯਕੀਨੀ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਜੋ ਭੋਜਨ ਮਿਲ ਰਿਹਾ ਹੈ ਉਹ ਸੁਰੱਖਿਅਤ ਹੈ। ਸਿਰਫ ਲੋਕ ਹੀ ਨਹੀਂ, ਮੈਂ ਕਹਾਂਗਾ ਕਿ ਕੀੜੇ-ਮਕੌੜੇ, ਤਿਤਲੀਆਂ, ਵੀ ਸਾਡੇ ਵਾਂਗ ਉੇਸੇ ਹਵਾ ਵਿੱਚ ਸਾਹ ਲੈ ਰਹੇ ਹਨ ਅਤੇ ਉਹੀ ਪਾਣੀ ਪੀ ਰਹੇ ਹਨ, ਪਰ ਉਹਨਾਂ ਦੇ ਹੱਕ ਵਿੱਚ ਅਵਾਜ਼ ਬਲੰਦ ਕਰਨ ਲਈ ਕੋਈ ਵਿਧਾਇਕ, ਮੰਤਰੀ ਨਹੀਂ ਹਨ। ਇਸ ਲਈ ਮੈਂ ਇਨਸਾਨਾਂ ਸਮੇਤ ਉਹਨਾਂ ਬੇਜ਼ੁਬਾਨਾਂ ਦਾ ਮੁਦੱਈ ਬਣਕੇ ਸਾਰੇ ਅਧਿਕਾਰੀਆਂ ਨੂੰ ਆਪਣਾ ਕੰਮ ਤਨਦੇਹੀ ਨਾਲ ਕਰਨ ਦੀ ਅਪੀਲ ਕਰਦਾ ਹਾਂ’’।
ਉਨ੍ਹਾਂ ਨੇ ਖਾਧ ਪਦਾਰਥਾਂ ਵਿੱਚ ਮਿਲਾਵਟ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨਾਲ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ। ਉਨਾਂ ਕਿਹਾ, ‘‘ ਸਮਾਜ ਤੁਹਾਨੂੰ ਤੁਹਾਡੀ ਅਗਿਆਨਤਾ ਲਈ ਮਾਫ਼ ਕਰ ਦੇਵੇਗਾ, ਪਰ ਤੁਹਾਡੀ ਅਣਗਹਿਲੀ ਲਈ ਕਦੇ ਮਾਫ਼ ਨਹੀਂ ਕਰੇਗਾ। ਤੁਸੀਂ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਰੱਖਿਆ ਲਈ ਵਚਨਬੱਧ ਹੋ’’। ”
ਕਮਿਸ਼ਨਰ ਡਾ: ਅਭਿਨਵ ਤ੍ਰਿਖਾ ਨੇ ਆਪਣੇ ਸੰਬੋਧਨ ਵਿੱਚ ਸਾਰੇ ਨਿਯੁਕਤ ਅਧਿਕਾਰੀਆਂ ਦੀ ਰਿਫਰੈਸ਼ਰ ਸਿਖਲਾਈ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗ ਲੈਣ ਵਾਲਿਆਂ ਨੂੰ ਇਸ ਵਰਕਸ਼ਾਪ ਨੂੰ ਇੰਟਰਐਕਟਿਵ ਸੈਸ਼ਨ ਬਣਾਉਣ ਲਈ ਕਿਹਾ।
ਜ਼ਿਕਰਯੋਗ ਹੈ ਕਿ ਸਲਾਹਕਾਰ ਡਾ: ਅਲਕਾ ਰਾਓ ਨੇ ਖਾਧ ਪਦਾਰਥਾਂ ਦੇ ਮਿਆਰਾਂ ਨੂੰ ਵਿਕਸਤ ਕਰਨ ਵਿੱਚ ਐਫ.ਐਸ.ਐਸ.ਏ.ਆਈ. ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin