ਯੇਰੂਸ਼ਲਮ – ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਹੋਏ। ਛੇ ਮਹੀਨੇ ਬਾਅਦ ਉਹ ਪਹਿਲੀ ਵਾਰ ਅਦਾਲਤ ’ਚ ਪੇਸ਼ ਹੋਏ। ਉਨ੍ਹਾਂ ਦੇ ਕਰੀਬੀ ਸਹਿਯੋਗੀ ਰਹੇ ਨੀਰ ਹੇਫੇਤਜ ਇਸ ਮਾਮਲੇ ’ਚ ਉਨ੍ਹਾਂ ਖ਼ਿਲਾਫ਼ ਗਵਾਹੀ ਦੇਣ ਦੀ ਤਿਆਰੀ ’ਚ ਹਨ। ਹਾਲਾਂਕਿ ਨੇਤਨਯਾਹੂ ਦੇ ਵਕੀਲਾਂ ਦੀ ਅਪੀਲ ’ਤੇ ਉਨ੍ਹਾਂ ਦੀ ਗਵਾਹੀ ਅਗਲੇ ਹਫ਼ਤੇ ਤਕ ਲਈ ਟਾਲ ਦਿੱਤੀ ਗਈ ਹੈ। ਹੇਫੇਤਜ ਨੇ ਨੇਤਨਯਾਹੂ ਸਰਕਾਰ ਦੇ ਬੁਲਾਰੇ ਬਣਨ ਲਈ 2009 ’ਚ ਪੱਤਰਕਾਰਿਤਾ ਦਾ ਪੇਸ਼ਾ ਛੱਡ ਦਿੱਤਾ ਸੀ। ਉਹ 2014 ’ਚ ਨੇਤਨਯਾਹੂ ਪਰਿਵਾਰ ਦੇ ਬੁਲਾਰੇ ਤੇ ਸਲਾਹਕਾਰ ਬਣ ਗਏ ਸਨ। ਨੇਤਨਯਾਹੂ ਆਪਣੇ ਛੋਟੇ ਪੁੱਤਰ ਅਵਨੇਰ ਤੇ ਉਨ੍ਹਾਂ ਦੀ ਲਿਕੁਡ ਪਾਰਟੀ ਦੇ ਕੁਝ ਸਮਰਥਕਾਂ ਨਾਲ ਕੋਰਟ ਪੁੱਜੇ। ਸੁਣਵਾਈ ਦੌਰਾਨ ਇਕ ਗਵਾਹ ਨੇ ਦੋਸ਼ ਲਗਾਇਆ ਕਿ ਨੇਤਨਯਾਹੂ ਦੀ ਪਤਨੀ ਸਾਰਾ ਨੇ ਦੋ ਅਰਬਪਤੀ ਦੋਸਤਾਂ, ਹਾਲੀਵੁੱਡ ਨਿਰਮਾਤਾ ਅਰਨੇਨ ਮਿਲਚਾਨ ਤੇ ਆਸਟ੍ਰੇਲਿਆਈ ਅਰਬਪਤੀ ਜੇਮਸ ਪੈਕਰ ਤੋਂ ਤੋਹਫ਼ੇ ਦੇ ਰੂਪ ’ਚ ਇਕ ਮਹਿੰਗਾ ਕੰਗਨ ਲਿਆ ਸੀ। ਨੇਤਨਯਾਹੂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਹੇਫੇਤਜ ਦੀ ਗਵਾਈ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਸਬੂਤਾਂ ਦਾ ਅਧਿਐਨ ਕਰਨ ਦੀ ਜ਼ਰੂਰਤ ਹੈ। ਅਦਾਲਤ ਨੇ ਇਹ ਬੇਨਤੀ ਸਵੀਕਾਰ ਕਰ ਲਈ।
previous post